ਸਿਓਲ (ਏਪੀ) : ਅਮਰੀਕਾ ਅਤੇ ਦੱਖਣੀ ਕੋਰੀਆ ਦੇ ਤੇਜ਼ ਹੁੰਦੇ ਫ਼ੌਜੀ ਅਭਿਆਸ ਨੂੰ ਦੇਖਦੇ ਹੋਏ ਉੱਤਰੀ ਕੋਰੀਆ ਨੇ ਵੀ ਮਿਜ਼ਾਈਲ ਲਾਂਚਿੰਗ ਤੇਜ਼ ਕਰ ਦਿੱਤੀ ਹੈ। ਪਰਮਾਣੂ ਸਮਰੱਥਾ ਨਾਲ ਲੈਸ ਅਮਰੀਕੀ ਜੰਗੀ ਬੇੜੇ ਦੇ ਅਭਿਆਸ ਵਿਚ ਸਾਮਲ ਹੋਣ ਦੇ ਕਾਰਨ ਸੋਮਵਾਰ ਨੂੰ ਉੱਤਰੀ ਕੋਰੀਆ ਨੇ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ। ਇਹ ਇਸ ਮਹੀਨੇ ਵਿਚ ਸੱਤਵਾਂ ਮਿਜ਼ਾਈਲ ਪ੍ਰੀਖਣ ਹੈ। ਇਸ ਨਾਲ ਕੋਰੀਅਨ ਟਾਪੂ ’ਤੇ ਤਣਾਅ ਵਧਦਾ ਨਜ਼ਰ ਆ ਰਿਹਾ ਹੈ।

ਉੱਤਰੀ ਕੋਰੀਆ ਨੇ ਪੱਛਮੀ ਅੰਦਰੂਨੀ ਖੇਤਰ ਤੋਂ ਸਵੇਰੇ 7.47 ਅਕੇ ਅੱਠ ਵਜੇ ਮਿਜ਼ਾਈਲਾਂ ਦਾਗੀਆਂ ਸੀ। ਮਿਜ਼ਾਈਲਾਂ ਨੇ 370 ਕਿਲੋਮੀਟਰ ਦੂਰ ਆਪਣੇ ਟੀਚੇ ਨੂੰ ਨਿਸ਼ਾਨਾ ਬਣਾਇਆ। ਦੱਖਣੀ ਕੋਰੀਆ ਅਤੇ ਜਾਪਾਨ ਨੇ ਮਿਜ਼ਾਈਲ ਲਾਂਚਿੰਗ ਦੀ ਨਿਖੇਧੀ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਖਿੱਤੇ ਵਿਚ ਸ਼ਾਂਤ ਬਣਾਉਣ ਦੇ ਯਤਨਾਂ ਨੂੰ ਧੱਕਾ ਪਹੁੰਚੇਗਾ। ਅਮਰੀਕਾ ਦੇ ਇੰਡੋ ਪੈਸੇਫਿਕ ਕਮਾਂਡ ਵੱਲੋਂ ਕਿਹਾ ਗਿਆ ਹੈ ਕਿ ਅਜਿਹੀ ਲਾਂਚਿੰਗ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਕੋਈ ਖ਼ਤਰਾ ਨਹੀਂ ਹੈ। ਉੱਥੇ, ਇਸ ਮੁੱਦੇ ’ਤੇ ਉੱਤਰੀ ਕੋਰੀਆ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਉੱਤਰੀ ਕੋਰੀਆ ਵੱਲੋਂ 11 ਮੌਕਿਆਂ ’ਤੇ ਕਰੀਬ 20 ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ। ਪਿਛਲੇ ਹਫ਼ਤੇ ਹੀ ਪਰਮਾਣੂ ਸਮਰੱਥਾ ਵਾਲੇ ਇਕ ਅਜਿਹੇ ਡ੍ਰੋਨ ਦਾ ਪ੍ਰੀਖਣ ਵੀ ਕੀਤਾ ਗਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਹ ਰੇਡੀਓਐਕਟਿਵ ਸੁਨਾਮੀ ਪੈਦਾ ਕਰਨ ਵਿਚ ਸਮਰੱਥ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਅਮਰੀਕਾ ਉਸ ਦੀ ਪਰਮਾਣੂ ਸੰਪੰਨਤਾ ਨੂੰ ਸਵੀਕਾਰ ਕਰੇ। ਨਾਲ ਹੀ ਉਹ ਖ਼ੁਦ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਲਈ ਆਪਣੀ ਗੱਲ ਪੂਰੇ ਦਬਾਅ ਦੇ ਨਾਲ ਰੱਖ ਸਕੇ।

Posted By: Shubham Kumar