ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ 'ਚ 21 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈ। ਇਹ ਜਾਣਕਾਰੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇਕ ਸੀਨੀਅਰ ਐੱਮਪੀ ਨੇ ਦਿੱਤੀ ਹੈ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 18 ਦਸੰਬਰ ਨੂੰ ਮਹਾਦੋਸ਼ ਪ੍ਰਸਤਾਵ 'ਤੇ ਮੋਹਰ ਲਗਾਈ ਸੀ। ਟਰੰਪ ਖ਼ਿਲਾਫ਼ ਸੱਤਾ ਦੀ ਦੁਰਵਰਤੋਂ ਅਤੇ ਸੰਸਦ ਦੀ ਕਾਰਵਾਈ 'ਚ ਰੋੜਾ ਅਟਕਾਉਣ ਦੇ ਦੋਸ਼ ਤੈਅ ਕੀਤੇ ਗਏ ਹਨ। ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਉਪਰਲੇ ਸਦਨ ਵਿਚ ਹੁਣ ਇਹ ਤੈਅ ਹੋਣਾ ਹੈ ਕਿ ਟਰੰਪ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ।