ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 26/11 ਹਮਲਿਆਂ ਦੀ 13ਵੀਂ ਬਰਸੀ 'ਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਦੀ ਸ਼ਲਾਘਾ ਕਰਦੇ ਹੋਏ ਪਾਕਿਸਤਾਨ ਦੀ ਹਮਾਇਤ ਵਾਲੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਵੱਲੋਂ 2008 'ਚ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਜਲਦ ਸਜ਼ਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਕਾਫ਼ੀ ਦੇਰ ਹੋ ਗਈ ਹੈ।

ਬਲਿੰਕਨ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, 'ਮੁੰਬਈ ਹਮਲੇ ਦੇ 13 ਸਾਲ ਬੀਤ ਚੁੱਕੇ ਹਨ। ਹਮਲੇ ਦੀ ਬਰਸੀ 'ਤੇ ਅਸੀਂ ਛੇ ਅਮਰੀਕੀਆਂ ਸਮੇਤ ਸਾਰੇ ਮਿ੍ਤਕਾਂ ਨੂੰ ਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਨੂੰ ਯਾਦ ਕਰਦੇ ਹਾਂ। ਅਪਰਾਧੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੈ।' ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਅਮਰੀਕਾ ਤੇ ਭਾਰਤ ਇਕਜੁਟ ਹਨ।

ਉਨ੍ਹਾਂ ਕਿਹਾ, 'ਮੁੰਬਈ ਦੀ ਹਾਲ ਦੀ ਮੇਰੀ ਯਾਤਰਾ 'ਚ ਮੈਂ ਭਿਆਨਕ ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਤਾਜ ਮਹਿਲ ਪੈਲੇਸ ਹੋਟਲ ਦੀ 26/11 ਯਾਦਗਾਰ 'ਤੇ ਗਈ ਸੀ। ਸੰਸਦ ਮੈਂਬਰ ਐਲਿਸੇ ਸਟੇਫਨਿਕ ਨੇ ਕਿਹਾ, 'ਇਸ ਬੇਇਨਸਾਫ਼ੀ ਨੂੰ ਭੁਲਾਇਆ ਨਹੀਂ ਜਾ ਸਕਦਾ।'

ਭਾਰਤੀ ਦੂਤਘਰ ਨੇ 26/11 ਹਮਲਿਆਂ ਦੀ ਬਰਸੀ 'ਤੇ ਆਪਣੇ ਕੰਪਲੈਕਸ 'ਚ ਇਕ ਪ੍ਰਰੋਗਰਾਮ ਕੀਤਾ ਗਿਆ, ਜਿਸ 'ਚ ਕਈ ਨੇਤਾ ਸ਼ਾਮਲ ਹੋਏ। ਪ੍ਰਰੋਗਰਾਮ 'ਚ ਮਿ੍ਤਕਾਂ ਦੀ ਯਾਦ 'ਚ ਮੋਮਬੱਤੀ ਜਗਾਈ ਗਈ ਤੇ ਇਕ ਮਿੰਟ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਏਐੱਨਆਈ ਮੁਤਾਬਕ, ਟੋਰਾਂਟੋ ਦੇ ਡੁੰਡਾਸ ਸਕਵਾਇਰ 'ਤੇ ਹਿੰਦੂ ਫੋਰਮ ਕੈਨੇਡਾ ਨੇ ਮੁੰਬਈ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਹਮਲੇ 'ਚ ਦੋ ਕੈਨੇਡਾਈ ਨਾਗਰਿਕ ਵੀ ਮਾਰੇ ਗਏ ਸਨ ਜਦੋਂ ਕਿ ਛੇ ਜ਼ਖ਼ਮੀ ਹੋਏ ਸਨ। ਸੰਗਠਨ ਨੇ ਕੈਨੇਡਾ ਦੀ ਸਰਕਾਰ ਨੂੰ 26 ਨਵੰਬਰ ਨੂੰ ਯਾਦਗਾਰ ਦਿਵਸ ਐਲਾਨਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀ ਸਮੁੰਦਰੀ ਰਸਤੇ ਮੁੰਬਈ ਪੁੱਜੇ ਸਨ। ਉਨ੍ਹਾਂ ਕਈ ਸਥਾਨਾਂ 'ਤੇ ਗੋਲੀਬਾਰੀ ਕੀਤੀ ਸੀ ਜਿਸ 'ਚ 18 ਸੁਰੱਖਿਆ ਮੁਲਾਜ਼ਮਾਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ। ਮਿ੍ਤਕਾਂ 'ਚ ਛੇ ਅਮਰੀਕੀ ਵੀ ਸ਼ਾਮਲ ਸਨ।