ਵਾਸ਼ਿੰਗਟਨ (ਪੀਟੀਆਈ) : ਦੱਖਣੀ ਚੀਨ ਸਾਗਰ 'ਚ ਵਿਵਾਦਤ ਟਾਪੂਆਂ ਨੇੜਿਓਂ ਦੋ ਅਮਰੀਕੀ ਜੰਗੀ ਬੇੜੇ ਲੰਘੇ। ਅਮਰੀਕਾ ਨੇ ਸੋਮਵਾਰ ਨੂੰ ਚੀਨ ਦੀ ਜਲ ਸੈਨਿਕ ਸ਼ਕਤੀ ਨੂੰ ਚੁਣੌਤੀ ਦੇਣ ਲਈ ਦੋਵਾਂ ਜੰਗੀ ਬੇੜਿਆਂ ਨੂੰ ਭੇਜਿਆ ਹੈ। ਮੀਡੀਆ 'ਚ ਆਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਬੀਜਿੰਗ ਨਾਰਾਜ਼ ਹੋ ਸਕਦਾ ਹੈ।

ਗਾਈਡਿਡ ਮਿਜ਼ਾਈਲ ਤਬਾਹਕਾਰੀ ਯੂਐੱਸਐੱਸ ਸਪਰੂਐਂਸ ਤੇ ਯੂਐੱਸਐੱਸ ਪ੍ਰੇਬਲ ਸਪ੍ਰਾਟਲੀ ਟਾਪੂ ਤੋਂ 12 ਨਾਟੀਕਲ ਮੀਲ ਦੇ ਅੰਦਰੋਂ ਲੰਘੇ। ਅਮਰੀਕੀ ਨੇਵੀ ਦੇ ਫ੍ਰੀਡਮ ਆਫ ਨੈਵੀਗੇਸ਼ਨ ਆਪਰੇਸ਼ਨ ਤਹਿਤ ਦੋਵਾਂ ਜੰਗੀ ਬੇੜਿਆਂ ਨੂੰ ਭੇਜਿਆ ਗਿਆ ਹੈ। ਅਮਰੀਕਾ ਤੇ ਚੀਨ ਦਰਮਿਆਨ ਵਪਾਰ ਜੰਗ ਛਿੜੀ ਹੈ। ਦੋਵੇਂ ਦੇਸ਼ ਇਕ ਮਾਰਚ ਤੋਂ ਪਹਿਲਾਂ ਸਮਝੌਤਾ ਕਰਨ 'ਚ ਲੱਗੇ ਹਨ। 200 ਅਰਬ ਡਾਲਰ ਦੇ ਚੀਨੀ ਦਰਾਮਦ 'ਤੇ ਅਮਰੀਕੀ ਡਿਊਟੀ ਦੇ 10 ਫ਼ੀਸਦੀ ਤੋਂ ਵਧ ਕੇ 25 ਫ਼ੀਸਦੀ ਹੋ ਜਾਣ ਦਾ ਅਨੁਮਾਨ ਹੈ। ਅਜਿਹੇ 'ਚ ਇਸ ਅਮਰੀਕੀ ਕਦਮ ਨਾਲ ਬੀਜਿੰਗ ਕ੍ਰੋਧਿਤ ਹੋ ਸਕਦਾ ਹੈ।

ਸਪ੍ਰਾਟਲੀ ਟਾਪੂ ਵਿਵਾਦਤ ਟਾਪੂਆਂ, ਟਾਪੂੁ, ਪ੍ਵਾਲ ਤੇ ਚੱਟਾਨਾਂ ਦਾ ਸਮੂਹ ਹੈ। ਕੁਝ ਸਮਾਂ ਪਹਿਲਾਂ ਇਹ ਦੱਖਣੀ ਚੀਨ ਸਾਗਰ 'ਚ ਡੁੱਬੇ ਹੋਏ ਸਨ। ਇਹ ਦੀਪ ਸਮੂਹ ਫਿਲਪੀਨ, ਮਲੇਸ਼ੀਆ ਤੇ ਦੱਖਣੀ ਵੀਅਤਨਾਮ ਦੇ ਤੱਟ ਤੋਂ ਕੁਝ ਦੂਰੀ 'ਤੇ ਸਥਿਤ ਹੈ। ਅਮਰੀਕੀ ਨੇਵੀ ਦੇ ਸੱਤਵੇਂ ਬੇੜੇ ਦੇ ਤਰਜਮਾਨ ਕਮਾਂਡਰ ਕਲੇ ਡੋਸ ਨੇ ਕਿਹਾ, 'ਸੋਮਵਾਰ ਦੀ ਮੁਹਿੰਮ ਹੱਦ ਤੋਂ ਜ਼ਿਆਦਾ ਮੈਰੀਟਾਈਮ ਦਾਅਵੇ ਨੂੰ ਚੁਣੌਤੀ ਤੇ ਕੌਮਾਂਤਰੀ ਕਾਨੂੰਨ ਵੱਲੋਂ ਪ੍ਸ਼ਾਸਤ ਜਲਮਾਰਗ ਦੀ ਸਰਪ੍ਸਤੀ ਲਈ ਚਲਾਈ ਗਈ। ਸਾਰੀ ਮੁਹਿੰਮ ਕੌਮਾਂਤਰੀ ਕਾਨੂੰਨ ਮੁਤਾਬਕ ਤਿਆਰ ਕੀਤੀ ਗਈ ਸੀ। ਇਹ ਵਿਖਾਇਆ ਗਿਆ ਕਿ ਜਿੱਥੇ ਵੀ ਕੌਮਾਂਤਰੀ ਕਾਨੂੰਨ ਇਜਾਜ਼ਤ ਦਿੰਦਾ ਹੈ ਉੱਥੇ ਅਮਰੀਕਾ ਉਡਾਣ ਭਰ ਸਕਦਾ ਹੈ ਤੇ ਬੇੜੇ ਲਿਜਾ ਸਕਦਾ ਹੈ। ਦੱਖਣੀ ਚੀਨ ਸਾਗਰ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ 'ਚ ਇਹੀ ਸੱਚ ਹੈ।'