ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 'ਲਾਇਲਾਜ' ਕੈਂਡਿਡਾ ਔਰਿਸ (Candida Auris) ਦੇ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਡਲਾਸ (Dallas) ਖੇਤਰ ਦੇ ਦੋ ਹਸਪਤਾਲਾਂ ਤੇ ਵਾਸ਼ਿੰਗਟਨ ਡੀਸੀ (Washington DC) ਦੇ ਇਕ ਨਰਸਿੰਗ ਹੋਮ ਨੇ ਇਸ ਲਾਇਲਾਜ ਫੰਗਸ ਦੇ ਮਾਮਲਿਆਂ ਸਬੰਧੀ ਜਾਣਕਾਰੀ ਦਿੱਤੀ।

ਕੈਂਡਿਡਾ ਔਰਿਸ ਯੀਸਟ ਦਾ ਇਕ ਖ਼ਤਰਨਾਕ ਰੂਪ ਹੈ। ਇਸ ਨੂੰ ਗੰਭੀਰ ਮੈਡੀਕਲ ਕੰਡੀਸ਼ਨ ਵਾਲੇ ਰੋਗੀਆਂ ਲਈ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਖ਼ੂਨ ਦੇ ਪ੍ਰਵਾਹ 'ਚ ਇਨਫੈਕਸ਼ਨ ਤੇ ਇੱਥੋਂ ਤਕ ਕਿ ਮੌਤ ਦੀ ਵਜ੍ਹਾ ਵੀ ਬਣ ਸਕਦਾ ਹੈ।

CDC ਦੀ ਮੇਘਨ ਰਿਆਨ ਨੇ ਕਿਹਾ ਕਿ ਉਹ ਪਹਿਲੀ ਵਾਰ ਕੈਂਡਿਡਾ ਔਰਿਸ ਦੇ ਕਲੱਸਟਰ ਨੂੰ ਦੇਖ ਰਹੀ ਹੈ ਜਿਸ ਵਿਚ ਮਰੀਜ਼ ਇਕ-ਦੂਸਰੇ ਤੋਂ ਇਨਫੈਕਟਿਡ ਹੋ ਰਹੇ ਹਨ। ਵਾਸ਼ਿੰਗਟਨ ਡੀਸੀ ਨਰਸਿੰਗ ਹੋਮ 'ਚ ਕੈਂਡਿਡਾ ਔਰਿਸ ਦੇ 101 ਮਾਮਲੇ ਰਿਪੋਰਟ ਕੀਤੇ ਗਏ, ਇਸ ਵਿਚੋਂ ਤਿੰਨ ਅਜਿਹੇ ਮਾਮਲੇ ਸਨ ਜਿਹੜੇ ਹਰ ਤਿੰਨ ਪ੍ਰਕਾਰ ਦੀ ਐਂਟੀਫੰਗਲ ਦਵਾਈਆਂ ਖਿਲਾਫ਼ ਪ੍ਰਤੀਰੋਧੀ ਸਨ। ਉੱਥੇ ਹੀ ਡਲਾਸ ਖੇਤਰ ਦੇ ਦੋ ਹਸਪਤਾਲਾਂ 'ਚ ਕੈਂਡਿਡਾ ਔਰਿਸ ਦੇ 22 ਮਾਮਲਿਆਂ ਦਾ ਕਲੱਸਟਰ ਰਿਪੋਰਟ ਕੀਤਾ ਗਿਆ। ਦੋ ਮਾਮਲੇ ਮਲਟੀਡਰੱਗ ਪ੍ਰਤੀਰੋਧੀ ਪਾਏ ਗਏ। CDC ਇਸ ਸਿੱਟੇ 'ਤੇ ਪੁੱਜਾ ਹੈ ਕਿ ਇਹ ਇਨਫੈਕਸ਼ਨ ਮਰੀਜ਼ਾਂ ਤੋਂ ਮਰੀਜ਼ਾਂ 'ਚ ਫੈਲ ਰਿਹਾ ਹੈ। ਇਹ 2019 ਦੇ ਉਲਟ ਹੈ, ਜਦੋਂ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਇਲਾਜ ਦੌਰਾਨ ਨਿਊਯਾਰਕ 'ਚ ਤਿੰਨ ਮਰੀਜ਼ਾਂ 'ਚ ਦਵਾਈਆਂ ਦਾ ਰਿਐਕਸ਼ਨ ਬਣਿਆ।

ਕਿਵੇਂ ਕਰੀਏ ਇਸ ਇਨਫੈਕਸ਼ਨ ਦੀ ਪਛਾਣ

ਗੰਭੀਰ ਕੈਂਡਿਡਾ ਇਨਫੈਕਸ਼ਨ ਵਾਲੇ ਜ਼ਿਆਦਾਤਰ ਲੋਕ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਸਨ। ਅਜਿਹੇ ਵਿਚ ਇਹ ਜਾਣਨਾ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਸੇ ਨੂੰ ਕੈਂਡਿਡਾ ਔਰਿਸ ਇਨਫੈਕਸ਼ਨ ਹੈ ਜਾਂ ਨਹੀਂ। CDC ਮੁਤਾਬਕ , ਬੁਖਾਰ ਤੇ ਠੰਢ ਲੱਗਣਾ ਕੈਂਡਿਡਾ ਔਰਿਸ ਇਨਫੈਕਸ਼ਨ ਦੇ ਸਭ ਤੋਂ ਆਮ ਲੱਛਣ ਹਨ, ਉੱਥੇ ਹੀ ਇਨਫੈਕਸ਼ਨ ਲਈ ਐਂਟੀਬਾਇਓਟਿਕ ਇਲਾਜ ਤੋਂ ਬਾਅਦ ਵੀ ਲੱਛਣਾਂ 'ਚ ਸੁਧਾਰ ਨਹੀਂ ਹੁੰਦਾ ਹੈ। ਵਿਗਿਆਨੀ ਹਾਲੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੈਂਡਿਡਾ ਔਰਿਸ ਇਨਫੈਕਸ਼ਨ ਐਂਟੀਫੰਗਲ ਦਵਾਈਆਂ ਲਈ ਪ੍ਰਤੀਰੋਧੀ ਕਿਉਂ ਹੈ ਤੇ ਇਸ ਫੰਗਲ ਨੇ ਹਾਲ ਦੇ ਸਾਲਾਂ 'ਚ ਇਨਫੈਕਸ਼ਨ ਫੈਲਾਉਣਾ ਕਿਉਂ ਸ਼ੁਰੂ ਕੀਤਾ ਹੈ।

ਸਿਹਤ ਸਬੰਧੀ ਗੰਭੀਰ ਖ਼ਤਰਾ ਹੈ?

ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਅਨੁਸਾਰ, ਕੈਂਡਿਡਾ ਔਰਿਸ ਇਨਫੈਕਸ਼ਨ ਵਾਲੇ ਤਿੰਨ ਵਿਚੋਂ ਇਕ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਅਮਰੀਕੀ ਸਿਹਤ ਏਜੰਸੀ ਨੇ ਉਭਰਦੇ ਹੋਏ ਫੰਗਲ ਨੂੰ ਇਕ ਗੰਭੀਰ ਆਲਮੀ ਸਿਹਤ ਖ਼ਤਰਾ ਕਰਾਰ ਦਿੱਤਾ ਹੈ। CDC ਇਸ ਫੰਗਲ ਬਾਰੇ ਚਿੰਤਤ ਹੈ ਕਿਉਂਕਿ ਇਹ ਅਕਸਰ ਬਹੁ-ਦਵਾਈ-ਰੋਕੂ ਹੁੰਦਾ ਹੈ, ਇਸ ਦਾ ਮਤਲਬ ਹੈ ਕਿ ਇਹ ਇਨਫੈਕਸ਼ਨ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਣ ਵਾਲੀ ਕਈ ਐਂਟੀਫੰਗਲ ਦਵਾਈਆਂ ਲਈ ਪ੍ਰਤੀਰੋਧੀ ਹੈ। ਸਟੈਂਡਰਡ ਲੈਬਾਰਟਰੀ ਤਰੀਕਿਆਂ ਦੀ ਵਰਤੋਂ ਕਰਕੇ ਇਨਫੈਕਸ਼ਨ ਦੀ ਪਛਾਣ ਕਰਨ ਵਿਚ ਮੁਸ਼ਕਲ ਜ਼ਿਆਦਾ ਵਧ ਜਾਂਦੀ ਹੈ ਕਿਉਂਕਿ ਗ਼ਲਤ ਪਛਾਣ ਨਾਲ ਗ਼ਲਤ ਇਲਾਜ ਹੋ ਸਕਦਾ ਹੈ।

Posted By: Seema Anand