ਵਾਸ਼ਿੰਗਟਨ (ਏਜੰਸੀਆਂ) : ਦੁਨੀਆ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ 'ਚ ਇਸ ਮਹਾਮਾਰੀ ਦੀ ਮਾਰ ਵਧਦੀ ਜਾ ਰਹੀ ਹੈ। ਵਿਸ਼ਵ ਦੇ ਇਸ ਸਭ ਤੋਂ ਸ਼ਕਤੀਸ਼ਾਲੀ ਦੇਸ਼ 'ਚ ਰੋਜ਼ਾਨਾ ਨਵੇਂ ਮਾਮਲਿਆਂ ਦਾ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ 55 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਪਾਏ ਗਏ। ਇਹ ਇਕ ਦਿਨ 'ਚ ਨਵੇਂ ਮਾਮਲਿਆਂ ਦਾ ਆਲਮੀ ਰਿਕਾਰਡ ਵੀ ਦੱਸਿਆ ਜਾ ਰਿਹਾ ਹੈ।

ਅਮਰੀਕਾ 'ਚ ਬੁੱਧਵਾਰ ਨੂੰ 52 ਹਜ਼ਾਰ ਲੋਕ ਇਨਫੈਕਟਿਡ ਪਾਏ ਗਏ ਸਨ। ਇਸ ਦੇਸ਼ ਦੇ 50 'ਚੋਂ 37 ਸੂਬਿਆਂ 'ਚ ਮਹਾਮਾਰੀ ਤੇਜ਼ ਰਫ਼ਤਾਰ ਨਾਲ ਆਪਣੇ ਪੈਰ ਪਸਾਰ ਰਹੀ ਹੈ। ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕਈ ਸੂਬਿਆਂ 'ਚ ਲਾਕਡਾਊਨ 'ਚ ਹੋਰ ਢਿੱਲ ਦੇਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਹੈ। ਅਮਰੀਕਾ 'ਚ ਇਕ ਦਿਨ 'ਚ 55 ਹਜ਼ਾਰ 274 ਨਵੇਂ ਮਾਮਲੇ ਦੇਖੇ ਗਏ ਹਨ। ਇਸ ਤੋਂ ਪਹਿਲਾਂ ਇਕ ਦਿਨ 'ਚ ਨਵੇਂ ਮਾਮਲਿਆਂ ਦਾ ਰਿਕਾਰਡ ਬ੍ਰਾਜ਼ੀਲ ਦੇ ਨਾਂ ਸੀ। ਇਸ ਲੈਟਿਨ ਅਮਰੀਕੀ ਦੇਸ਼ 'ਚ ਬੀਤੀ 19 ਜੂਨ ਨੂੰ ਰਿਕਾਰਡ 54 ਹਜ਼ਾਰ 771 ਮਾਮਲੇ ਸਾਹਮਣੇ ਆਏ ਸਨ। ਅਮਰੀਕਾ 'ਚ ਕੈਲੀਫੋਰਨੀਆ ਮਹਾਮਾਰੀ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਇਸ ਸੂਬੇ 'ਚ ਪਿਛਲੇ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ ਦੀ ਦਰ 37 ਫ਼ੀਸਦੀ ਤੋਂ ਵਧ ਕੇ 56 ਫ਼ੀਸਦੀ ਹੋ ਗਈ ਹੈ। ਅਮਰੀਕਾ ਦੇ ਫਲੋਰੀਡਾ ਸਮੇਤ 37 ਸੂਬਿਆਂ 'ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਕੱਲੇ ਫਲੋਰੀਡਾ 'ਚ ਹੀ ਵੀਰਵਾਰ ਨੂੰ ਦਸ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ। ਇਨਫੈਕਸ਼ਨ ਦੇ ਵਧਣ 'ਤੇ ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਟੈਕਸਾਸ 'ਚ ਵੀਰਵਾਰ ਨੂੰ ਕਰੀਬ ਅੱਠ ਹਜ਼ਾਰ ਇਨਫੈਕਸ਼ਨ ਦੇ ਨਵੇਂ ਮਾਮਲੇ ਪਾਏ ਗਏ। ਅਮਰੀਕਾ 'ਚ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 28 ਲੱਖ 37 ਹਜ਼ਾਰ ਤੋਂ ਵੱਧ ਹੋ ਗਈ। ਹੁਣ ਤਕ ਇਕ ਲੱਖ 31 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ।

50 ਦੇਸ਼ਾਂ ਲਈ ਕੁਆਰੰਟਾਈਨ ਖ਼ਤਮ ਕਰੇਗਾ ਬਰਤਾਨੀਆ

ਬਰਤਾਨੀਆ 50 ਤੋਂ ਵੱਧ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕੁਆਰੰਟਾਈਨ ਖ਼ਤਮ ਕਰਨ ਜਾ ਰਿਹਾ ਹੈ। ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਜਰਮਨੀ, ਫਰਾਂਸ, ਸਪੇਨ ਤੇ ਇਟਲੀ ਸਮੇਤ 50 ਤੋਂ ਵੱਧ ਦੇਸ਼ਾਂ ਤੋਂ ਇੰਗਲੈਂਡ ਆਉਣ ਵਾਲੇ ਲੋਕਾਂ ਲਈ ਕੁਆਰੰਟਾਈਨ ਖ਼ਤਮ ਕੀਤਾ ਜਾਵੇਗਾ। ਹਾਲਾਂਕਿ ਇਸ 'ਚ ਅਮਰੀਕਾ ਨੂੰ ਰਾਹਤ ਨਹੀਂ ਦਿੱਤੀ ਗਈ। ਇਹ ਰਾਹਤ ਦਸ ਜੁਲਾਈ ਤੋਂ ਹੀ ਅਸਰਦਾਰ ਹੋਵੇਗੀ। ਇਸ 'ਚ ਉਨ੍ਹਾਂ ਦੇਸ਼ਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਜਿਨ੍ਹਾਂ 'ਚ ਕੋਰੋਨਾ ਦਾ ਖ਼ਤਰਾ ਘੱਟ ਹੈ। ਸਰਕਾਰ ਨੇ ਬੀਤੇ ਮਹੀਨੇ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਬਰਤਾਨੀਆ ਆਉਣ ਵਾਲੇ ਲੋਕਾਂ ਲਈ ਦੋ ਹਫ਼ਤੇ ਦਾ ਕੁਆਰੰਟਾਈਨ ਜ਼ਰੂਰੀ ਕੀਤਾ ਸੀ।

ਬ੍ਰਾਜ਼ੀਲ 'ਚ ਵੀ ਪਾਏ ਗਏ 48 ਹਜ਼ਾਰ ਨਵੇਂ ਮਾਮਲੇ

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਮਹਾਮਾਰੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ 'ਚ ਬੀਤੇ 24 ਘੰਟੇ ਦੌਰਾਨ 48 ਹਜ਼ਾਰ 105 ਨਵੇਂ ਮਾਮਲੇ ਪਾਏ ਗਏ। ਇਸ ਤੋਂ ਇਨਫੈਕਟਿਡ ਲੋਕਾਂ ਦਾ ਅੰਕੜਾ ਵਧ ਕੇ 15 ਲੱਖ ਦੇ ਪਾਰ ਪਹੁੰਚ ਗਿਆ ਹੈ। ਜਦਕਿ ਇਸ ਹਾਲਾਤ 'ਚ 1,252 ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 62 ਹਜ਼ਾਰ ਤੋਂ ਵੱਧ ਹੋ ਗਈ ਹੈ। ਬ੍ਰਾਜ਼ੀਲ 'ਚ ਇਕ ਦਿਨ ਪਹਿਲਾਂ 46 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਪਾਏ ਗਏ ਸਨ।

ਇੱਥੇ ਰਿਹਾ ਇਹ ਹਾਲ

ਬੰਗਲਾਦੇਸ਼ : 42 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ 1,968 ਹੋ ਗਈ ਹੈ। ਹੁਣ ਤਕ ਕੁਲ ਇਕ ਲੱਖ 56 ਹਜ਼ਾਰ 391 ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ।

ਰੂਸ : 6,716 ਨਵੇਂ ਮਾਮਲੇ ਮਿਲਣ ਨਾਲ ਇਨਫੈਕਟਿਡ ਦੀ ਗਿਣਤੀ ਛੇ ਲੱਖ 67 ਹਜ਼ਾਰ ਤੋਂ ਵੱਧ ਹੋ ਗਈ ਹੈ। ਕੋਰੋਨਾ ਨਾਲ 9, 859 ਪੀੜਤ ਦਮ ਤੋੜ ਚੁੱਕੇ ਹਨ।

ਸਿੰਗਾਪੁਰ : ਕਮਿਊਨਿਟੀ ਇਲਾਕਿਆਂ 'ਚ ਇਨਫੈਕਸ਼ਨ ਵਧਣ 'ਤੇ ਅਧਿਕਾਰੀ ਲਾਕਡਾਊਨ 'ਚ ਦੂਜੇ ਪੜਾਅ ਦੀ ਰਾਹਤ ਦੇਣ ਬਾਰੇ ਹੁਣ ਸਾਵਧਾਨੀ ਵਰਤਣ ਦੀ ਗੱਲ ਕਹਿ ਰਹੇ ਹਨ।

ਕਜ਼ਾਕਿਸਤਾਨ : ਕੋਰੋਨਾ ਮਹਾਮਾਰੀ 'ਤੇ ਰੋਕ ਲਗਾਉਣ ਲਈ ਦੋ ਹੋਰ ਸ਼ਹਿਰਾਂ ਓਸਕੇਮੀਨ ਤੇ ਸੇਮੇ 'ਚ ਐਤਵਾਰ ਤੋਂ ਫਿਰ ਲਾਕਡਾਊਨ ਲਗਾਉਣ ਦੀ ਤਿਆਰੀ ਹੈ।

ਪਾਕਿਸਤਾਨ : ਦੋ ਲੱਖ 21 ਹਜ਼ਾਰ ਤੋਂ ਵੱਧ ਇਨਫੈਕਟਿਡ ਲੋਕਾਂ 'ਚੋਂ ਇਕ ਲੱਖ 13 ਹਜ਼ਾਰ ਠੀਕ ਹੋਏ। ਪਹਿਲੀ ਵਾਰ ਠੀਕ ਹੋਣ ਵਾਲਿਆਂ ਦੀ ਗਿਣਤੀ ਸਰਗਰਮ ਦੇ ਮਾਮਲੇ ਵੱਧ ਹੋਈ ਹੈ।

ਮੈਕਸੀਕੋ : ਬੀਤੇ 24 ਘੰਟਿਆਂ 'ਚ ਰਿਕਾਰਡ 6, 741 ਨਵੇਂ ਮਾਮਲੇ ਮਿਲਣ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦੋ ਲੱਖ 38 ਹਜ਼ਾਰ ਹੋਈ। 29 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ।

ਪੇਰੂ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਪਾਰ ਪਹੁੰਚੀ। ਜਦਕਿ ਪੀੜਤ ਲੋਕਾਂ ਦਾ ਅੰਕੜਾ ਵੀ ਦੋ ਲੱਖ 92 ਹਜ਼ਾਰ ਤੋਂ ਵੱਧ ਹੋ ਗਿਆ ਹੈ।