ਵਾਸ਼ਿੰਗਟਨ (ਏਐੱਫਪੀ) : ਅਮਰੀਕੀ ਵਕੀਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਮੇ ਸਮੇਂ ਤੋਂ ਕਰੀਬੀ ਸਹਿਯੋਗੀ ਰਹੇ ਰੋਜਰ ਸਟੋਨ ਨੂੰ ਸੰਸਦ ਵਿਚ ਝੂਠ ਬੋਲਣ ਦੇ ਮਾਮਲੇ ਵਿਚ ਨੌਂ ਸਾਲ ਤਕ ਦੀ ਜੇਲ੍ਹ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਮਰੀਕਾ ਵਿਚ 2016 'ਚ ਹੋਈ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਮਾਮਲੇ ਵਿਚ ਸਟੋਨ ਨੂੰ ਪਿਛਲੇ ਸਾਲ ਨਵੰਬਰ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਜ਼ਾ ਦਾ ਐਲਾਨ 20 ਫਰਵਰੀ ਨੂੰ ਕੀਤਾ ਜਾਏਗਾ।

ਰੂਸੀ ਦਖ਼ਲ ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਵੱਲੋਂ ਦੋਸ਼ੀ ਐਲਾਨੇ ਜਾਣ ਪਿੱਛੋਂ ਸਟੋਨ ਨੂੰ ਪਿਛਲੇ ਸਾਲ ਜਨਵਰੀ ਵਿਚ ਫਲੋਰੀਡਾ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ। ਸਟੋਨ 'ਤੇ ਸੰਸਦ ਨੂੰ ਝੂਠ ਬੋਲਣ ਅਤੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਸਨ। ਵਕੀਲਾਂ ਨੇ ਆਪਣੀ ਦਲੀਲ ਵਿਚ ਕਿਹਾ ਕਿ ਸਟੋਨ ਨੇ ਚੰਗੇ ਵਿਵਹਾਰ ਦਾ ਪ੍ਰਦਰਸ਼ਨ ਨਹੀਂ ਕੀਤਾ। ਸਟੋਨ ਨੇ ਖ਼ੁਦ 'ਤੇ ਲਗਾਏ ਗਏ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰਰੇਰਿਤ ਦੱਸਿਆ ਸੀ ਜਦਕਿ ਵਕੀਲਾਂ ਦਾ ਕਹਿਣਾ ਸੀ ਕਿ ਸਟੋਨ ਨੇ ਝੂਠ ਬੋਲਿਆ ਅਤੇ ਟਰੰਪ ਨੂੰ ਬਚਾਉਣ ਲਈ ਗਵਾਹਾਂ ਨੂੰ ਧਮਕਾਇਆ। ਸਟੋਨ ਨੂੰ ਪਿਛਲੇ ਸਾਲ ਨਵੰਬਰ ਵਿਚ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਦ ਟਰੰਪ ਨੇ ਟਵੀਟ ਵਿਚ ਕਿਹਾ ਸੀ ਕਿ ਮੈਂ ਆਪਣੇ ਦੇਸ਼ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਦੋਹਰਾ ਮਾਪਦੰਡ ਕਦੇ ਨਹੀਂ ਦੇਖਿਆ।

ਟਰੰਪ ਦੇ ਕੈਸੀਨੋ ਕਾਰੋਬਾਰ ਲਈ ਕਰਦੇ ਸਨ ਲਾਬਿੰਗ

67 ਸਾਲਾ ਸਟੋਨ ਨੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਸਿਆਸੀ ਸਹਿਯੋਗੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਟੋਨ ਨੇ ਕਈ ਸਾਲ ਤਕ ਟਰੰਪ ਦੇ ਕੈਸੀਨੋ ਕਾਰੋਬਾਰ ਲਈ ਲਾਬਿੰਗ ਵੀ ਕੀਤੀ ਸੀ। ਦੋਸ਼ ਤਾਂ ਇਥੋਂ ਤਕ ਲਗਾਇਆ ਗਿਆ ਸੀ ਕਿ 2016 ਦੀ ਰਾਸ਼ਟਰਪਤੀ ਚੋਣ ਦੌਰਾਨ ਉਨ੍ਹਾਂ ਦੇ ਰੂਸੀ ਹੈਕਰਾਂ ਨਾਲ ਸਬੰਧ ਸਨ।