ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥੋਨੀ ਫਾਸੀ ਨੇ ਕਿਹਾ ਹੈ ਕਿ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾ ਕੇ ਹੀ ਭਾਰਤ ਉਭਰ ਰਹੇ ਕੋਰੋਨਾ ਦੇ ਸੰਕਟ ਤੋਂ ਬੱਚ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਵੀਸ਼ੀਲਡ ਵੈਕਸੀਨ ਦੀਆਂ ਦੋ ਡੋਜ਼ਾਂ ਵੀਚਕਾਰ ਅੰਤਰਾਲ ਵਧਾਉਣ ਨੂੰ ਵੀ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਦੱਸਿਆ। ਡਾ. ਫਾਸੀ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਹੋਰਾਂ ਦੇਸ਼ਾਂ ਤੇ ਕੰਪਨੀਆਂ ਦੇ ਨਾਲ ਮਿਲ ਕੇ ਵੈਕਸੀਨ ਦਾ ਉਤਪਾਦਨ ਵਧਾਉਣਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਦੀ ਵੱਡੀ ਆਬਾਦੀ ਦੀ ਟੀਕਾਕਰਨ ਕਰ ਸਕਣ।

ਇਕ ਵਿਸ਼ੇਸ਼ ਇੰਟਰਵਿਊ 'ਚ ਫਾਸੀ ਨੇ ਕਿਹਾ ਕਿ ਭਾਰਤ ਇਸ ਸਮੇਂ ਬੇਹੱਦ ਮੁਸ਼ਕਿਲ ਹਾਲਾਤ ਦਾ ਸਾਹਾਮਣਾ ਕਰ ਰਿਹਾ ਹੈ। ਅਜਿਹੇ 'ਚ ਭਾਰਤ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਕਿਵੇਂ ਵਧ ਤੋਂ ਵਧ ਲੋਕਾਂ ਨੂੰ ਟੀਕਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਇਹ ਇਕ ਤਰਕਸ਼ੀਲ ਰਵੱਈਆ ਹੈ। ਵੀਰਵਾਰ ਨੂੰ ਭਾਰਤ ਸਰਕਾਰ ਨੇ ਕੋਵੀਸ਼ੀਲਡ ਦੀਆਂ ਦੋ ਡੋਜ਼ਾਂ ਵਿਚਕਾਰ ਅੰਤਰ ਨੂੰ 6 ਤੋਂ 8 ਹਫਤੇ ਤੋਂ ਵਧਾ ਕੇ 12 ਤੋਂ 16 ਹਫਤੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਤਿੰਨ ਮਹੀਨਿਆਂ 'ਚ ਇਹ ਦੂਸਰਾ ਮੌਕਾ ਹੈ, ਜਦੋਂ ਕੋਵੀਸ਼ੀਲਡ ਦੀਆਂ ਦੋ ਡੋਜ਼ਾਂ ਵਿਚਕਾਰ ਸਮੇਂ ਦਾ ਅੰਤਰਾਲ ਵਧਾਇਆ ਗਿਆ ਹੋਵੇ।

ਭਾਰਤ ਨੂੰ ਦੁਨੀਆਂ ਦਾ ਸਰਵੋਤਮ ਟੀਕਾ ਉਤਪਾਦਕਾਂ 'ਚੋਂ ਇਕ ਦੱਸਦਿਆਂ ਡਾ. ਫਾਸੀ ਨੇ ਕਿਹਾ ਕਿ ਇਹ ਬਹੁਤ ਵੱਡਾ ਦੇਸ਼ ਹੈ। ਇਸ ਦੀ ਆਬਾਦੀ ਲਗਪਗ 1.4 ਅਰਬ ਹੈ। ਇਸ ਨੇ ਹੁਣ ਤਕ ਕੁਝ ਹੀ ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਰਕਰਨ ਕੀਤਾ ਹੈ। ਇਸ ਤੋਂ ਇਲਾਵਾ ਲਗਪਗ 10 ਫੀਸਦੀ ਲੋਕਾਂ ਨੂੰ ਟੀਕੇ ਦੀ ਇਕ ਡੋਜ਼ ਮਿਲੀ ਹੈ। ਅਜਿਹੇ 'ਚ ਭਾਰਤ ਨੂੰ ਹੋਰਾਂ ਦੇਸ਼ਾਂ ਤੇ ਕੰਪਨੀਆਂ ਦੇ ਨਾਲ ਮਿਲ ਕੇ ਟੀਕੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨਾਲ ਹੀ ਆਪਣੀ ਵੀ ਉਤਪਾਦਨ ਸਮਰੱਥਾ ਵਧਾਉਣੀ ਚਾਹੀਦੀ ਹੈ।

Posted By: Susheel Khanna