ਆਈਏਐੱਨਐੱਸ, ਸੇਨ ਫ੍ਰਾਂਸਿਸਕੋ : ਚੀਨ ਦੁਨੀਆ ਭਰ 'ਚ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਝੂਠ ਫੈਲਾ ਰਿਹਾ ਹੈ। ਇਸ ਸਾਜਿਸ਼ ਦਾ ਖ਼ੁਲਾਸਾ ਗੂਗਲ ਕੰਪਨੀ ਨੇ ਕਰਦੇ ਹੋਏ ਫੇਕ ਨਿਊਜ਼ ਵਾਲੇ ਤਿੰਨ ਹਜ਼ਾਰ ਯੂ-ਟਿਊਬ ਚੈਨਲ ਬੰਦ ਕਰ ਦਿੱਤੇ। ਯੂ-ਟਿਊਬ 'ਤੇ ਪਾਈ ਗਈ ਵੀਡੀਓ ਦੇ ਲਿੰਕ ਟਵਿੱਟਰ 'ਤੇ ਵੀ ਸ਼ੇਅਰ ਕੀਤੇ ਜਾ ਰਹੇ ਸਨ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੇੜੇ ਹਨ ਅਤੇ ਉਸ ਸੰਦਰਭ 'ਚ ਇਨ੍ਹਾਂ ਨੂੰ ਫੜਨਾ ਮਹੱਤਵਪੂਰਨ ਹੈ। ਗੂਗਲ ਨੇ ਇਨ੍ਹਾਂ ਚੈਨਲਾਂ ਦੇ ਨਾਮਾਂ ਬਾਰੇ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ।

ਯੂ-ਟਿਊਬ ਚੈਨਲਾਂ 'ਤੇ ਗੂਗਲ ਦੀ ਕਾਫੀ ਸਮੇਂ ਤੋਂ ਨਜ਼ਰ ਸੀ। ਇਸ ਅਕਾਊਂਟ 'ਤੇ ਕਾਰਵਾਈ ਜੁਲਾਈ ਤੋਂ ਸਤੰਬਰ 'ਚ ਕੀਤੀ ਗਈ। ਗੂਗਲ ਦਾ ਕਹਿਣਾ ਹੈ ਕਿ ਯੂ-ਟਿਊਬ ਚੈਨਲਾਂ 'ਤੇ ਪਾਏ ਗਏ ਵੀਡੀਓ ਦੀ ਪਹੁੰਚ ਬਹੁਤ ਸੀਮਿਤ ਸੀ। ਇਨ੍ਹਾਂ ਚੈਨਲਾਂ 'ਤੇ ਪਾਈ ਜਾਣ ਵਾਲੀ ਵੀਡੀਓ ਤੇ ਹੋਰ ਸਮੱਗਰੀ ਵੀ ਝੂਠੀ ਹੈ। ਅਸੀਂ ਜਦੋਂ ਇਨ੍ਹਾਂ ਵੀਡੀਓ ਨੂੰ ਦੇਖਣ ਵਾਲਿਆਂ ਦੇ ਅਕਾਊਂਟ ਦੀ ਜਾਂਚ ਕੀਤੀ ਤਾਂ ਉਹ ਵੀ ਫ਼ਰਜ਼ੀ ਨਿਕਲੇ ਹਨ। ਇੰਨੀਂ ਵੱਡੀ ਸੰਖਿਆ 'ਚ ਚੱਲ ਰਹੇ ਯੂ-ਟਿਊਬ ਚੈਨਲਾਂ ਦਾ ਮਕਸਦ ਕੀ ਸੀ, ਹਾਲੇ ਇਹ ਪੂਰੀ ਤਰ੍ਹਾਂ ਨਾਲ ਸਾਫ਼ ਨਹੀਂ ਹੋਇਆ।

ਗੂਗਲ ਦੇ ਥ੍ਰੇਟ ਅਨਲਿਸਿਸ ਗਰੁੱਪ (ਟੀਏਜੀ) ਨੇ ਇਹ ਕਾਰਵਾਈ ਕੀਤੀ ਹੈ। ਗਰੁੱਪ ਦੇ ਸ਼ੇਨ ਹੰਟਲੇ ਨੇ ਦੱਸਿਆ, ਇਨ੍ਹਾਂ ਚੈਨਲਾਂ 'ਤੇ ਜਾਨਵਰ, ਸੰਗੀਤ, ਖੇਡ ਦੇ ਨਾਲ ਹੀ ਦੁਨੀਆ 'ਚ ਚੱਲ ਰਹੇ ਘਟਨਾਕ੍ਰਮ ਦੇ ਵੀ ਵੀਡੀਓ ਹਨ। ਹਾਂਗਕਾਂਗ ਦੇ ਘਟਨਾਕ੍ਰਮ ਅਤੇ ਕੋਵਿਡ-19 ਦੇ ਬਾਰੇ ਪਾਈਆਂ ਗਈਆਂ ਵੀਡੀਓਜ਼ ਚੀਨੀ ਭਾਸ਼ਾ ਅਤੇ ਸਬ-ਟਾਈਟਲ ਅੰਗਰੇਜ਼ੀ 'ਚ ਹਨ। ਪਾਏ ਗਏ ਵੀਡੀਓ ਦੀ ਪਹੁੰਚ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ 'ਤੇ ਵੀ ਬਣੀ ਹੋਈ ਸੀ।

ਗੂਗਲ ਦੇ ਅਧਿਕਾਰੀ ਨੇ ਦੱਸਿਆ, ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਦੇਖਦੇ ਹੋਏ ਸਾਡੀਆਂ ਅਜਿਹੀਆਂ ਸਾਰੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ 'ਤੇ ਨਜ਼ਰ ਹੈ। ਇਨ੍ਹਾਂ 'ਚ ਜ਼ਿਆਦਾਤਰ ਚੀਨ ਅਤੇ ਉੱਤਰੀ ਕੋਰਿਆ ਦੇ ਗਰੁੱਪ ਸੰਚਾਲਿਤ ਕਰ ਰਹੇ ਹਨ।

Posted By: Ramanjit Kaur