ਵਾਸ਼ਿੰਗਟਨ, ਏਐੱਨਆਈ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਕੋਰੋਨਾ ਦੇ ਡੈਲਟਾ ਵੇਰੀਐਂਟ (Delta Variant) ਨੂੰ ਖ਼ਤਰਨਾਕ ਦੱਸਿਆ ਹੈ। ਬਾਇਡਨ ਨੇ ਸ਼ੁੱਕਰਵਾਰ ਨੂੰ ਨੌਜਵਾਨਾਂ ਲਈ ਖਾਸ ਤੌਰ 'ਤੇ ਖ਼ਤਰਨਾਕ ਪ੍ਰਤੀਤ ਹੋਣ ਵਾਲੇ ਕੋਰੋਨਾ ਦੇ ਡੈਲਟਾ ਵੇਰੀਐਂਟ ਖਿਲਾਫ ਅਮਰੀਕੀਆਂ ਨੂੰ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲੈਣ ਦੀ ਅਪੀਲ ਕੀਤੀ। ਬਾਇਡਨ ਨੇ ਵ੍ਹਾਈਟ ਹਾਊਸ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਬਿਨਾਂ ਟੀਕਾਕਰਨ ਵਾਲੇ ਲੋਕਾਂ ਨੂੰ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਅਸੁਰੱਖਿਅਤ ਬਣਾ ਦੇਣਗੇ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖਾਸ ਤੌਰ 'ਤੇ ਇਸ ਲਈ ਕਿ ਮਾਹਰ ਡੈਲਟਾ ਵੇਰੀਐਂਟ ਨੂੰ ਖ਼ਤਰਨਾਕ ਦੱਸ ਰਹੇ ਹਨ। ਇਹ ਕੋਰੋਨਾ ਵਾਇਰਸ (Coronavirus) ਦਾ ਇਕ ਅਜਿਹਾ ਵੇਰੀਐਂਟ ਹੈ ਜਿਹੜਾ ਜ਼ਿਆਦਾ ਆਸਾਨੀ ਨਾਲ ਪ੍ਰਸਾਰਿਤ, ਸੰਭਾਵੀ ਰੂਪ 'ਚ ਖ਼ਤਰਨਾਕ ਤੇ ਖਾਸ ਰੂਪ 'ਚ ਨੌਜਵਾਨਾਂ ਲਈ ਖ਼ਤਰਨਾਕ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨੂੰ ਚਿੰਤਾਜਨਕ ਪ੍ਰਕਾਰ (Variant of Concern) ਦੀ ਆਪਣੀ ਸੂਚੀ ਵਿਚ ਸ਼ਾਮਲ ਕੀਤਾ ਹੈ ਕਿਉਂਕਿ ਇਹ ਕੁਝ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਖਾਸ ਤੌਰ 'ਤੇ ਭਾਰਤ 'ਚ ਇਨਫੈਕਸ਼ਨ 'ਚ ਇਸ ਨਾਲ ਤੇਜ਼ ਵਾਧਾ ਹੋਇਆ ਜਿੱਥੇ ਇਸ ਨੂੰ ਪਹਿਲਾ ਵਾਰ ਪਾਇਆ ਗਿਆ ਸੀ।

ਬ੍ਰਿਟੇਨ 'ਚ ਇਕ ਹਫ਼ਤੇ 'ਚ ਡੈਲਟਾ ਵੇਰੀਐਂਟ ਦੇ 33 ਹਜ਼ਾਰ ਕੇਸ

ਕੋਰੋਨਾ ਵਾਇਰਸ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰਨ ਵਾਲੇ ਬ੍ਰਿਟੇਨ 'ਚ ਡੈਲਟਾ ਵੇਰੀਐਂਟ ਦਾ ਕਹਿਰ ਕਾਫੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਯੂਕੇ 'ਚ ਸਿਰਫ਼ ਇਕ ਹਫ਼ਤੇ ਅੰਦਰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ 33 ਹਜ਼ਾਰ 630 ਕੇਸ ਵਧ ਗਏ। ਇਨ੍ਹਾਂ ਨੂੰ ਮਿਲਾ ਕੇ ਬ੍ਰਿਟੇਨ 'ਚ ਡੈਲਟਾ ਵੇਰੀਐਂਟ ਦੇ ਕੁੱਲ ਮਾਮਲੇ ਹੁਣ ਵੱਧ ਕੇ 75 ਹਜ਼ਾਰ 953 ਹੋ ਗਏ ਹਨ। ਬ੍ਰਿਟਿਸ਼ ਹੈਲਥ ਏਜੰਸੀ ਦੀ ਮੁੱਖ ਕਾਰਜਕਾਰੀ ਜੇਨੀ ਹੈਰਿਸ ਨੇ ਕਿਹਾ ਕਿ ਦੇਸ਼ ਭਰ ਵਿਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ ਤੇ ਹੁਣ ਡੈਲਟਾ ਵੇਰੀਐਂਟ ਹਾਵੀ ਹੈ। ਭਾਰਤ 'ਚ ਸਭ ਤੋਂ ਪਹਿਲਾਂ ਪਾਇਆ ਗਿਆ ਇਹ ਵੇਰੀਐਂਟ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਸ ਬਾਰੇ ਡਬਲਯੂਐੱਚਓ ਨੇ ਵੀ ਆਪਣੀ ਚਿੰਤਾ ਪ੍ਰਗਟਾਈ ਤੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਚੌਕਸ ਰਹਿਣ ਨੂੰ ਕਿਹਾ ਹੈ।

Posted By: Seema Anand