ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਤੋਂ ਨਾਤਾ ਤੋੜਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸੰਗਠਨ ਨਾ ਕੇਵਲ ਜ਼ਰੂਰੀ ਸੁਧਾਰ ਲਾਗੂ ਕਰਨ ਵਿਚ ਨਾਕਾਮ ਰਿਹਾ ਸਗੋਂ ਚੀਨ ਤੋਂ ਕੋਰੋਨਾ ਦੀ ਮਹਾਮਾਰੀ ਫ਼ੈਲਣ 'ਤੇ ਇਸ ਨੇ ਦੁਨੀਆ ਨੂੰ ਗੁੰਮਰਾਹ ਕੀਤਾ। ਏਨਾ ਹੀ ਨਹੀਂ ਇਹ ਕੋਰੋਨਾ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਵਿਚ ਵੀ ਨਾਕਾਮ ਰਿਹਾ। ਸ਼ੁੱਕਰਵਾਰ ਨੂੰ ਚੀਨ ਖ਼ਿਲਾਫ਼ ਸਜ਼ਾਯੋਗ ਕਾਰਵਾਈ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਚੀਨ ਨੇ ਇਕ ਤਰ੍ਹਾਂ ਨਾਲ ਡਬਲਯੂਐੱਚਓ 'ਤੇ ਕਬਜ਼ਾ ਕਰ ਲਿਆ ਹੈ। ਕਿਉਂਕਿ ਡਬਲਯੂਐੱਚਓ ਲੋੜੀਂਦੇ ਸੁਧਾਰਾਂ ਨੂੰ ਲਾਗੂ ਨਹੀਂ ਕਰ ਸਕਿਆ ਹੈ ਇਸ ਲਈ ਅਸੀਂ ਉਸ ਤੋਂ ਸਬੰਧ ਤੋੜ ਕੇ ਉਸ ਨੂੰ ਦਿੱਤੇ ਜਾਣ ਵਾਲੇ ਧਨ ਨੂੰ ਦੂਜੀਆਂ ਵਿਸ਼ਵ ਪੱਧਰੀ ਸੰਸਥਾਵਾਂ ਨੂੰ ਦੇਣ ਜਾ ਰਹੇ ਹਾਂ।


ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ 'ਤੇ ਪੂਰੀ ਦੁਨੀਆ ਚੀਨ ਤੋਂ ਜਵਾਬ ਮੰਗ ਰਹੀ ਹੈ। ਅਸੀਂ ਇਸ ਮਾਮਲੇ ਵਿਚ ਪੂਰੀ ਪਾਰਦਰਸ਼ਤਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਚੀਨ ਨੇ ਪੂਰੀ ਦੁਨੀਆ 'ਤੇ ਜੋ ਮਹਾਮਾਰੀ ਥੋਪੀ ਹੈ ਉਸ ਦੀ ਕੀਮਤ ਅਸੀਂ ਇਕ ਲੱਖ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਦੀ ਜਾਨ ਦੇ ਕੇ ਚੁਕਾਈ ਹੈ। ਚੀਨ ਨੇ ਆਪਣੀ ਕਰਤੂਤ ਲੁਕਾਉਣ ਲਈ ਡਬਲਯੂਐੱਚਓ 'ਤੇ ਦਬਾਅ ਪਾ ਕੇ ਉਸ ਰਾਹੀਂ ਦੁਨੀਆ ਨੂੰ ਵਾਇਰਸ ਦੇ ਬਾਰੇ ਵਿਚ ਗੁੰਮਰਾਹ ਕੀਤਾ। ਦੱਸਣਯੋਗ ਹੈ ਕਿ ਟਰੰਪ ਨਵੰਬਰ ਵਿਚ ਹੋਣ ਜਾ ਰਹੀ ਅਗਲੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੀ ਦੌੜ 'ਚ ਸ਼ਾਮਲ ਹਨ। ਉਨ੍ਹਾਂ ਨੇ ਅਮਰੀਕੀ ਆਗੂਆਂ ਤੋਂ ਮਹਾਮਾਰੀ ਦੇ ਨਾਂ 'ਤੇ ਰਾਜਨੀਤਕ ਲਾਭ ਲੈਣ ਤੋਂ ਪਰਹੇਜ਼ ਕਰਨ ਲਈ ਕਿਹਾ ਹੈ।


ਜ਼ਿਕਰਯੋਗ ਹੈ ਕਿ ਅਮਰੀਕਾ ਡਬਲਯੂਐੱਚਓ ਨੂੰ ਹਰ ਸਾਲ ਕਰੀਬ 45 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਦਾ ਯੋਗਦਾਨ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਟਰੰਪ ਦੇ ਇਸ ਫ਼ੈਸਲੇ ਨਾਲ ਵਾਇਰਸ ਖ਼ਿਲਾਫ਼ ਚੱਲ ਰਹੀ ਵਿਸ਼ਵ ਪੱਧਰੀ ਜੰਗ ਪਟੜੀ ਤੋਂ ਉਤਰ ਸਕਦੀ ਹੈ। ਵ੍ਹਾਈਟ ਹਾਊਸ ਦੀ ਰੋਜ਼ਾਨਾ ਦੀ ਪ੍ਰਰੈੱਸ ਕਾਨਫਰੰਸ ਵਿਚ ਟਰੰਪ ਨੇ ਚੀਨ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਕੁਝ ਮਹੱਤਵਪੂਰਣ ਐਲਾਨ ਵੀ ਕੀਤੇ। ਉਨ੍ਹਾਂ ਚੀਨ ਦੇ ਖੋਜੀਆਂ ਦੇ ਅਮਰੀਕਾ ਵਿਚ ਅਧਿਐਨ 'ਤੇ ਰੋਕ ਲਗਾਉਣ ਦੇ ਨਾਲ ਅਮਰੀਕਾ ਵਿਚ ਨਿਵੇਸ਼ ਕਰਨ ਵਾਲੀਆਂ ਚੀਨੀ ਕੰਪਨੀਆਂ 'ਤੇ ਕਾਰਵਾਈ ਦੀ ਗੱਲ ਵੀ ਕਹੀ। ਉਨ੍ਹਾਂ ਚੀਨ ਵੱਲੋਂ ਹਾਂਗਕਾਂਗ ਖ਼ਿਲਾਫ਼ ਕਾਨੂੰਨ ਪਾਸ ਕਰਨ ਦੇ ਵਿਰੋਧ ਵਿਚ ਹਾਂਗਕਾਂਗ ਨੂੰ ਅਮਰੀਕਾ ਵੱਲੋਂ ਦਿੱਤੇ ਗਏ ਦਰਜੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਚੀਨ ਅਮਰੀਕੀ ਹਿੱਤਾਂ ਖ਼ਿਲਾਫ਼ ਕੰਮ ਕਰ ਰਿਹਾ ਸੀ ਪ੍ਰੰਤੂ ਉਸ ਨੂੰ ਹੁਣ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਆਪਣੀ ਭੜਾਸ ਕੱਢਦੇ ਹੋਏ ਟਰੰਪ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਚੀਨ ਦੇ ਮਾੜੇ ਆਚਰਨ ਤੋਂ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਵੁਹਾਨ ਤੋਂ ਨਿਕਲੇ ਵਾਇਰਸ ਦੇ ਮਾਮਲੇ ਨੂੰ ਲੁਕੋਇਆ ਤੇ ਇਸ ਨੂੰ ਪੂਰੀ ਦੁਨੀਆ ਵਿਚ ਫ਼ੈਲਣ ਦਿੱਤਾ।

Posted By: Rajnish Kaur