ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੇਨੋਸ਼ਾ 'ਚ ਹੋਈ ਹਿੰਸਾ ਨੂੰ ਘਰੇਲੂ ਅੱਤਵਾਦ ਦੱਸਦਿਆਂ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਕੇਨੋਸ਼ਾ ਦੀ ਤਬਾਹੀ ਲਈ ਪੁਲਿਸ ਤੇ ਅਮਰੀਕਾ ਵਿਰੋਧੀ ਦੰਗਿਆਂ ਨੂੰ ਦੋਸ਼ੀ ਦੱਸਿਆ।

23 ਅਗਸਤ ਨੂੰ ਪੁਲਿਸ ਵੱਲੋਂ ਸਿਆਹਫਾਮ ਜੈਕਬ ਬਲੈਕ ਨੂੰ ਗੋਲ਼ੀ ਮਾਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸ਼ਹਿਰਾਂ 'ਚ ਨਸਲੀ ਵਿਤਕਰੇ ਖ਼ਿਲਾਫ਼ ਮੁਜ਼ਾਹਰੇ ਇਕ ਵਾਰ ਫਿਰ ਸ਼ੁਰੂ ਹੋ ਗਏ ਸਨ। ਮਿਨੀਪੋਲਿਸ 'ਚ ਪੁਲਿਸ ਹਿਰਾਸਤ 'ਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਨਸਲਵਾਦ ਬਾਰੇ ਬਹਿਸ ਤੇ ਵੱਡੇ ਪੱਧਰ 'ਤੇ ਵਿਰੋਧ ਮੁਜ਼ਾਹਰੇ ਸ਼ੁਰੂ ਹੋਏ ਸਨ ਇਸ ਦੇ ਤਿੰਨ ਮਹੀਨੇ ਦੇ ਅੰਦਰ ਇਹ ਘਟਨਾ ਵਾਪਰ ਗਈ।

ਸ਼ਹਿਰ ਆਏ ਰਾਸ਼ਟਰਪਤੀ ਟਰੰਪ ਨੇ ਨਾ ਸਿਰਫ਼ ਹਿੰਸਾਗ੍ਸਤ ਖੇਤਰਾਂ ਦਾ ਦੌਰਾ ਕੀਤਾ ਬਲਕਿ ਇਕ ਸੜੇ ਫਰਨੀਚਰ ਸਟੋਰ 'ਚ ਵੀ ਗਏ। ਬਾਅਦ 'ਚ ਪੱਤਰਕਾਰਾਂ ਨੂੰ ਮੁਖਾਤਿਬ ਹੋਏ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਬਹੁਤ ਖ਼ਰਾਬ ਸਥਿਤੀ ਸੀ, ਪਰ ਫਿਲਹਾਲ ਮੈਂ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ। ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, 'ਸ਼ਹਿਰ 'ਚ ਜੋ ਕੁਝ ਹੋਇਆ ਹੈ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ।

ਇਹ ਅਸਲ 'ਚ ਘਰੇਲੂ ਅੱਤਵਾਦ ਹੈ। ਸਾਨੂੰ ਸਿਆਸੀ ਹਿੰਸਾ ਰੋਕਣੀ ਪਵੇਗੀ। ਸਾਨੂੰ ਕੱਟੜਪੰਥੀ ਵਿਚਾਰਧਾਰਾ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ। ਸਾਨੂੰ ਪੁਲਿਸ ਵਿਰੋਧੀ ਬਿਆਨਬਾਜ਼ੀ ਦੀ ਵੀ ਨਿੰਦਾ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਆਮ ਤੌਰ 'ਤੇ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਹਿੰਸਕ ਮੁਜ਼ਾਹਰਾਕਾਰੀ ਜਿਹੜੇ ਅਕਸਰ ਗੋਰੇ ਹੁੰਦੇ ਹਨ, ਉਨ੍ਹਾਂ ਮੁਜ਼ਾਹਰੇ ਨੂੰ ਹਾਈਜੈਕ ਕਰ ਲੈਂਦੇ ਹਨ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਪੁਲਿਸ ਦੀ ਆਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਅਮਰੀਕਾ ਨੂੰ ਕਾਨੂਨ ਇਨਫੋਰਸਮੈਂਟ ਏਜੰਸੀਆਂ ਦੀਆਂ ਜ਼ਰੂਰਤਾਂ 'ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।

ਸੰਘੀ ਸਹਾਇਤਾ ਨਾ ਲੈਣ 'ਤੇ ਪ੍ਰਗਟਾਇਆ ਇਤਰਾਜ਼

ਟਰੰਪ ਨੇ ਉਨ੍ਹਾਂ ਦੀ ਸੰਘੀ ਸਹਾਇਤਾ ਦੀ ਪੇਸ਼ਕਸ਼ ਨੂੰ ਫ਼ੌਰੀ ਤੌਰ 'ਤੇ ਮਨਜ਼ੂਰ ਨਾ ਕਰਨ ਲਈ ਡੈਮੋਕ੍ਰੇਟ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਉਹ ਸਾਡਾ ਦਖ਼ਲ ਨਹੀਂ ਚਾਹੁੰਦੇ ਸਨ। ਕੇਨੋਸ਼ਾ 'ਚ ਹਿੰਸਾ ਦੌਰਾਨ ਕਰੀਬ 20 ਲੱਖ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਜ਼ਿਕਰਯੋਗ ਹੈ ਕਿ ਵਿਸਕਾਨਸਿਨ ਦੇ ਗਵਨਰ ਟੋਨੀ ਏਵਰਸ ਤੇ ਕੇਨੋਸ਼ਾ ਦੇ ਮੇਅਰ ਜੌਨ ਅੰਤਰਮਿਆਨ ਨੇ ਟਰੰਪ ਨੂੰ ਸ਼ਹਿਰ ਨਾ ਆਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਇਸ ਨਾਲ ਵੰਡ ਤੇ ਤਣਾਅ ਹੋਰ ਵਧੇਗਾ। ਹਾਲਾਂਕਿ ਇਸ ਦੇ ਬਾਵਜੂਦ ਰਾਸ਼ਟਰਪਤੀ ਸ਼ਹਿਰ 'ਚ ਆਏ। ਮੇਅਰ ਤੇ ਗਵਰਨਰ ਦੋਵੇਂ ਹੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਦੇ ਹਨ।

ਬਲੈਕ ਦੇ ਪਰਿਵਾਰ ਨੂੰ ਨਹੀਂ ਮਿਲੇ ਰਾਸ਼ਟਰਪਤੀ

ਯੂਐੱਸਏ ਟੁਡੇ ਦੀ ਰਿਪੋਰਟ ਮੁਤਾਬਕ ਟਰੰਪ ਨੇ 29 ਸਾਲਾ ਪੀੜਤਾ ਜੈਕਬ ਬਲੈਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਬਲੈਕ ਦੇ ਪਰਿਵਾਰ ਨੇ ਮੁਲਾਕਾਤ ਦੌਰਾਨ ਵਕੀਲਾਂ ਦੇ ਵੀ ਮੌਜੂਦ ਰਹਿਣ ਦੀ ਗੁਜ਼ਾਰਿਸ਼ ਕੀਤੀ ਸੀ, ਪਰ ਟਰੰਪ ਨੇ ਇਸ ਨੂੰ ਗ਼ੈਰ ਜ਼ਰੂਰੀ ਕਰਾਰ ਦਿੰਦਿਆਂ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ 'ਚ ਟਰੰਪ ਨੇ ਇਹ ਜ਼ਰੂਰ ਕਿਹਾ ਕਿ ਉਹ ਬਲੈਕ ਪਰਿਵਾਰ ਦੇ ਪਾਦਰੀ ਨਾਲ ਗੱਲ ਕਰਨਗੇ।

ਕਾਂਟੇ ਦੀ ਟੱਕਰ ਵਾਲਾ ਸੂਬਾ ਵਿਸਕਾਨਸਿਨ

ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਵਿਸਕਾਨਸਿਨ ਰਿਪਬਲਿਕਨ ਤੇ ਡੈਮੋਕ੍ਰੇਟ ਵਿਚਕਾਰ ਅਹਿਮ ਭੂਮਿਕਾ ਨਿਭਾਅ ਸਕਦਾ ਹੈ। 2016 'ਚ ਟਰੰਪ ਨੇ ਕਰੀਬ 23,000 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ ਮੰਗਲਵਾਰ ਨੂੰ ਆਏ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਵਿਸਕਾਨਸਿਨ 'ਚ ਬਿਡੇਨ ਨੂੰ ਟਰੰਪ 'ਤੇ ਨੌਂ ਅੰਕਾਂ ਦੀ ਬੜ੍ਹਤ ਹਾਸਲ ਹੈ।

ਪੋਰਟਲੈਂਡ 'ਚ ਮੁਜ਼ਾਹਰਾਕਾਰੀਆਂ ਨੇ ਮੇਅਰ ਦੇ ਘਰ 'ਤੇ ਕੀਤੀ ਭੰਨਤੋੜ

ਮੁਜ਼ਾਹਰਾਕਾਰੀਆਂ ਨੇ ਪੋਰਟਲੈਂਡ ਦੇ ਮੇਅਰ ਟੇਡ ਵ੍ਹੀਲਰ ਦੇ ਘਰ 'ਚ ਭੰਨਤੋੜ ਕਰਨ ਦੇ ਨਾਲ ਹੀ ਜਿਸ ਅਪਾਰਟਮੈਂਟ 'ਚ ਮੇਅਰ ਰਹਿੰਦੇ ਹਨ, ਉਸ ਦੇ ਇਕ ਹਿੱਸੇ 'ਚ ਅੱਗ ਵੀ ਲਗਾ ਦਿੱਤੀ। ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਵ੍ਹੀਲਰ ਮੇਅਰ ਹੋਣ ਦੇ ਨਾਲ ਹੀ ਸ਼ਹਿਰ ਦੇ ਪੁਲਿਸ ਕਮਿਸ਼ਨਰ ਵੀ ਹਨ, ਪਰ ਹਿੰਸਾ ਨੂੰ ਕਾਬੂ ਕਰਨ 'ਚ ਨਾਕਾਮ ਰਹਿਣ 'ਤੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।

ਲਾਸ ਏੇਂਜਲਸ 'ਚ ਇਕ ਸਿਆਹਫ਼ਾਮ ਦੀ ਗੋਲੀ ਮਾਰ ਕੇ ਹੱਤਿਆ

ਲਾਸ ਏਂਜਲਸ 'ਚ ਵਾਹਨ ਕੋਡ ਦੀ ਉਲੰਘਣਾ ਦੇ ਦੋਸ਼ 'ਚ ਪੁਲਿਸ ਵੱਲੋਂ ਇਕ ਸਿਆਹਫਾਮ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ 15 ਤੋਂ 20 ਗੋਲ਼ੀਆਂ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਪੁਲਿਸ ਆਪਣੇ ਇਸ ਕਦਮ ਦਾ ਇਹ ਕਹਿ ਕੇ ਬਚਾਅ ਕਰ ਰਹੀ ਹੈ ਕਿ ਉਸ ਕੋਲ ਇਕ ਸੈਮੀਆਟੋਮੈਟਿਕ ਗੰਨ ਸੀ।