ਨਿਊਯਾਰਕ (ਏਜੰਸੀਆਂ) : ਬਾਇਡਨ ਪ੍ਰਸ਼ਾਸਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਐੱਚ1ਬੀ ਵੀਜ਼ਾਧਾਰਕ ਮੁਲਾਜ਼ਮਾਂ ਦੇ ਐੱਚ4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ 'ਚ ਐੱਚ 1ਬੀ ਵੀਜ਼ਾ ਧਾਰਕ ਮੁਲਾਜ਼ਮਾਂ ਦੇ ਜੀਵਨ ਸਾਥੀਆਂ ਨੂੰ ਇਸ ਗੱਲ ਦਾ ਖ਼ਦਸ਼ਾ ਸੀ ਕਿ ਅਮਰੀਕਾ 'ਚ ਚਾਰ ਸਾਲ ਬਿਤਾਉਣ ਤੋਂ ਬਾਅਦ ਪਤਾ ਨਹੀਂ ਉਨ੍ਹਾਂ ਨੂੰ ਅਗਲੇ ਕੰਮ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ। ਬਾਇਡਨ ਪ੍ਰਸ਼ਾਸਨ ਵੱਲੋਂ ਲਏ ਗਏ ਫ਼ੈਸਲੇ ਨਾਲ ਉਨ੍ਹਾਂ ਖ਼ਦਸ਼ਿਆਂ 'ਤੇ ਵਿਰਾਮ ਲੱਗ ਗਿਆ ਹੈ। ਅਮਰੀਕਾ 'ਚ ਕੰਮ ਕਰਨ ਵਾਲੇ ਵਧੇਰੇ ਭਾਰਤੀ ਆਈਟੀ ਪ੍ਰਰੋਫੈਸ਼ਨਲਸ ਐੱਚ 1ਬੀ ਵੀਜ਼ਾ ਧਾਰਕ ਹਨ।

ਅਸਲ 'ਚ ਸਾਲ 2015 ਦੀਆਂ ਗਰਮੀਆਂ ਤਕ ਐੱਚ4 ਵੀਜ਼ਾ ਧਾਰਕ 'ਚ ਕਾਨੂੰਨੀ ਤੌਰ 'ਤੇ ਕੋਈ ਕੰਮ ਨਹੀਂ ਕਰ ਸਕਦੇ ਸਨ। ਹਾਲਾਂਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐੱਚ1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਕਨ ਦੀ ਇਜਾਜ਼ਤ ਸਬੰਧੀ ਕਾਨੂੰਨ ਪਾਸ ਕਰ ਕੇ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ।

ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਅਟਲਾਂਟਾ ਦੇ ਰਹਿਣ ਵਾਲੇ ਐੱਚ-4 ਵੀਜ਼ਾ ਧਾਰਕ ਨੇ ਕਿਹਾ ਕਿ ਲੰਬੀ ਕਸ਼ਮਕਸ਼ ਤੋਂ ਬਾਅਦ ਅਸੀਂ ਫਿਲਹਾਲ ਬਹੁਤ ਰਾਹਤ ਮਹਿਸੂਸ ਕਰ ਰਹੇ ਹਾਂ। ਐੱਚ4 ਵਰਕ ਪਰਮਿਟ 'ਚ ਬਦਲਾਅ ਦੀ ਸ਼ੁਰੂਆਤ ਸਾਲ 2017 'ਚ ਸ਼ੁਰੂ ਹੋਈ ਸੀ। ਸਮੀਖਿਆ ਦੇ ਨਾਂ 'ਤੇ ਨਿਯਮ ਸੱਤ ਵਾਰ ਬਦਲੇ ਗਏ।

ਟਰੰਪ ਪ੍ਰਸ਼ਾਸਨ ਨੇ ਆਪਣੇ ਇਸ ਕਦਮ ਨੂੰ ਸਹੀ ਦੱਸਦਿਆਂ ਕਿਹਾ ਸੀ ਕਿ ਨਾ ਸਿਰਫ਼ ਇਹ ਆਰਥਿਕ ਤੌਰ 'ਤੇ ਅਹਿਮ ਹੈ ਬਲਕਿ 'ਬਾਏ ਅਮੈਰੀਕਨ ਐਂਡ ਹਾਇਰ ਅਮੈਰੀਕਨ' ਦੀ ਨੀਤੀ ਨਾਲ ਵੀ ਮੇਲ ਖਾਂਦਾ ਹੈ। ਇਹ ਨੀਤੀ ਅਮਰੀਕੀ ਸਨਅਤਾਂ ਚ ਵਿਦੇਸ਼ੀ ਕਾਮਿਆਂ ਨੂੰ ਰੱਖੇ ਜਾਣ ਦੀ ਹਮਾਇਤੀ ਨਹੀਂ ਹੈ।