ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਸੰਕ੍ਰਾਮਕ ਬਿਮਾਰੀ ਖਸਰੇ (ਮੀਜ਼ਲਸ) ਦਾ ਕਹਿਰ ਅਮਰੀਕਾ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਸਾਲ ਹਾਲੇ ਤਕ ਖਸਰਾ ਇਨਫੈਕਸ਼ਨ ਦੇ 695 ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਲ 2000 'ਚ ਦੇਸ਼ 'ਚ ਖਸਰਾ ਖ਼ਾਤਮੇ ਦੇ ਐਲਾਨ ਮਗਰੋਂ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 2014 'ਚ 667 ਮਾਮਲੇ ਸਾਹਮਣੇ ਆਏ ਸਨ।

ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ, ਅਮਰੀਕਾ ਦੇ 22 ਸੂਬੇ ਖਸਰਾ ਇਨਫੈਕਸ਼ਨ ਦੀ ਲਪੇਟ 'ਚ ਆ ਚੁੱਕੇ ਹਨ। ਖਸਰੇ ਦਾ ਕਹਿਰ ਪਿਛਲੇ ਸਾਲ ਦੇ ਅਖ਼ੀਰ 'ਚ ਫੈਲਣਾ ਸ਼ੁਰੂ ਹੋਇਆ ਸੀ। ਨਿਊਯਾਰਕ ਸਿਟੀ ਤੇ ਵਾਸ਼ਿੰਗਟਨ ਇਨਫੈਕਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ।

ਦੋਵਾਂ ਥਾਵਾਂ 'ਤੇ ਇਜ਼ਰਾਈਲ ਤੋਂ ਪਰਤੇ ਅਮਰੀਕੀ ਲੋਕਾਂ ਦੀ ਵੱਡੀ ਗਿਣਤੀ ਹੈ। ਇਜ਼ਰਾਈਲ ਤੋਂ ਇਲਾਵਾ ਯੂਕ੍ਰੇਨ ਤੋਂ ਪਰਤੇ ਲੋਕ ਵੀ ਖਸਰੇ ਦੀ ਇਨਫੈਕਸ਼ਨ ਨਾਲ ਪੀੜਤ ਹਨ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਏ ਲੋਕ ਹੀ ਅਮਰੀਕਾ 'ਚ ਬਿਮਾਰੀ ਫੈਲਣ ਦਾ ਜ਼ਰੀਆ ਬਣੇ। ਟੀਕਾ ਨਾ ਲਗਵਾਉਣ ਕਾਰਨ ਰੋਗ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਿਤ ਨਾ ਹੋਣ ਨੂੰ ਇਨਫੈਕਸ਼ਨ ਫੈਲਣ ਦਾ ਅਸਲ ਕਾਰਨ ਦੱਸਿਆ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ ਪਿਛਲੇ ਕੁਝ ਸਾਲਾਂ 'ਚ ਅਮੀਰ ਦੇਸ਼ਾਂ 'ਚ ਲੋਕ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਤੋਂ ਕਤਰਾਉਣ ਲੱਗੇ ਹਨ। ਇਹ ਇਕ ਕੌਮਾਂਤਰੀ ਸਮੱਸਿਆ ਦਾ ਰੂਪ ਲੈਣ ਲੱਗੀ ਹੈ। ਅਮਰੀਕਾ 'ਚ ਖਸਰੇ ਦੀਆਂ ਜ਼ਿਆਦਾਤਰ ਖ਼ਬਰਾਂ ਅਜਿਹੀਆਂ ਥਾਵਾਂ ਤੋਂ ਆ ਰਹੀਆਂ ਹਨ ਜਿੱਥੇ ਪਹਿਲਾਂ ਟੀਕਾਕਰਨ ਦਾ ਪੱਧਰ 90 ਫ਼ੀਸਦੀ ਤੋਂ ਘੱਟ ਰਿਹਾ ਸੀ। ਖਸਰੇ ਨਾਲ ਨਿਮੋਨੀਆ ਤੇ ਐਨਸਿਫੇਲਾਈਟਿਸ ਹੋ ਜਾਣ 'ਤੇ ਰੋਗੀ ਦੀ ਮੌਤ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਵਧ ਜਾਂਦੀ ਹੈ।