ਵਾਸ਼ਿੰਗਟਨ (ਪੀਟੀਆਈ) : ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕੀਤੇ ਜਾਣ ਨਾਲ ਭਾਰਤ ਤੇ ਪਾਕਿਸਤਾਨ ਵਿਚ ਵਧੇ ਤਣਾਅ 'ਤੇ ਕੁਝ ਅਮਰੀਕੀ ਸੰਸਦ ਮੈਂਬਰਾਂ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਪੱਤਰ ਲਿਖ ਕੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਸਥਿਤ ਆਪਣੇ ਰਾਜਦੂਤਾਂ ਤੋਂ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧ ਆਮ ਵਰਗੇ ਬਣਾਉਣ ਲਈ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।

ਸੱਤ ਸੰਸਦ ਮੈਂਬਰਾਂ ਦੇ ਸਮੂਹ ਨੇ ਭਾਰਤ ਵਿਚ ਅਮਰੀਕੀ ਰਾਜਦੂਤ ਕੈਨੇਥ ਜਸਟਰ ਅਤੇ ਪਾਕਿਸਤਾਨ ਵਿਚ ਤਾਇਨਾਤ ਪਾਲ ਡਬਲਿਊ ਜੋਂਸ ਨੂੰ ਪੱਤਰ ਲਿਖਿਆ। ਇਸ ਵਿਚ ਉਨ੍ਹਾਂ ਕਿਹਾ ਹੈ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਡੂੰਘਾ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸੰਸਦ ਮੈਂਬਰਾਂ ਨੇ ਪੱਤਰ ਵਿਚ ਲਿਖਿਆ ਹੈ, 'ਮੌਜੂਦਾ ਹਾਲਾਤ ਵਿਸ਼ਵ ਪੱਧਰੀ ਸ਼ਾਂਤੀ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਸਾਡੇ ਅਹਿਮ ਭਾਈਵਾਲ ਹਨ ਅਤੇ ਖੇਤਰ ਵਿਚ ਅਫ਼ਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਸਮੇਤ ਸਾਡੇ ਹਿੱਤਾਂ ਲਈ ਮਹੱਤਵਪੂਰਨ ਹਨ। ਇਸ ਲਈ ਇਹ ਅਹਿਮ ਹੋ ਜਾਂਦਾ ਹੈ ਕਿ ਅਸੀਂ ਤਣਾਅ ਦੂਰ ਕਰਨ ਲਈ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਆਪਣੇ ਸਬੰਧਾਂ ਦਾ ਫ਼ਾਇਦਾ ਲਈਏ।'

ਇਨ੍ਹਾਂ ਸੰਸਦ ਮੈਂਬਰਾਂ ਨੇ ਲਿਖਿਆ ਪੱਤਰ

ਭਾਰਤ ਤੇ ਪਾਕਿਸਤਾਨ ਵਿਚ ਤਾਇਨਾਤ ਅਮਰੀਕੀ ਰਾਜਦੂਤਾਂ ਨੂੰ ਲਿਖੇ ਪੱਤਰ 'ਤੇ ਦਸਤਖ਼ਤ ਕਰਨ ਵਾਲੇ ਸੰਸਦ ਮੈਂਬਰਾਂ ਵਿਚ ਇਲਹਾਨ ਉਮਰ, ਰਾਊਲ ਗਿ੍ਜਲਵਾ, ਐਂਡੀ ਲੇਵਿਨ, ਜੇਮਸ ਮੈਕ ਗੋਵਰਨ, ਟੇਡ ਲਿਯੂ ਤੇ ਡੋਨਾਲਡ ਬੇਅਰ ਸ਼ਾਮਲ ਹਨ।