ਵਾਸ਼ਿੰਗਟਨ (ਪੀਟੀਆਈ) : ਤਿੰਨ ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਵਿਭਾਗ ਦੇ ਦੋ ਮੁੱਖ ਅਮਰੀਕੀ ਮੁਸਲਮਾਨ ਜਥੇਬੰਦੀਆਂ ਦੇ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜਾਹਦੀਨ ਨਾਲ ਸਬੰਧਾਂ ਦੀ ਜਾਂਚ ਕਰਨ ਲਈ ਕਿਹਾ ਹੈ। ਵਿਦੇਸ਼ ਵਿਭਾਗ 'ਚ ਅੱਤਵਾਦ ਰੋਕੂ ਕਨਵੀਨਰ ਨਾਥਨ ਸੇਲਸ ਨੂੰ ਲਿਖੇ ਪੱਤਰ ਵਿਚ ਜਿਮ ਬੈਂਕਸ, ਚਕ ਫਲੀਸਮੈਨ ਅਤੇ ਰੈਂਡੀ ਵੇਬਰ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਹੈਲਪਿੰਗ ਹੈਂਡਸ ਆਫ ਰਿਲੀਫ ਐਂਡ ਡਿਵੈਲਪਮੈਂਟ (ਐੱਚਐੱਚਆਰਡੀ) ਅਤੇ ਉਸ ਦਾ ਸਹਿਯੋਗੀ ਸੰਗਠਨ ਇਸਲਾਮਿਕ ਸਰਕਲ ਆਫ ਨਾਰਥ ਅਮਰੀਕਾ (ਆਈਸੀਐੱਨਏ) ਆਪਣਿਆਂ ਨੂੰ ਮੁਸਲਮਾਨਾਂ ਦਾ ਸਮਾਜਿਕ ਸੰਗਠਨ ਦੱਸਦੇ ਹਨ, ਪਰ ਉਹ ਦੁਨੀਆ ਦੇ ਕੱਟੜਪੰਥੀ ਨੈੱਟਵਰਕ ਦਾ ਹਿੱਸਾ ਹੈ।

ਸੰਸਦ ਮੈਂਬਰਾਂ ਨੇ ਕਿਹਾ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਈਸੀਐੱਨਏ ਅਤੇ ਐੱਚਐੱਚਆਰਡੀ ਜਮਾਤ-ਏ-ਇਸਲਾਮੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਹਿੱਸਾ ਹੈ। ਪਹਿਲੀ ਨਵੰਬਰ ਨੂੰ ਲਿਖੇ ਇਸ ਪੱਤਰ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਅਸਲ ਵਿਚ ਇਨ੍ਹਾਂ ਦੋਵਾਂ ਜਥੇਬੰਦੀਆਂ ਖ਼ਿਲਾਫ਼ ਬਹੁਤ ਸਾਰੇ ਸਬੂਤ ਹਨ। ਸੰਸਦ ਮੈਂਬਰਾਂ ਨੇ ਪੱਤਰ ਨਾਲ ਦਸਤਾਵੇਜ਼ੀ ਸਬੂਤ ਵੀ ਉਪਲੱਬਧ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਹੁੰਦੀ ਹੈ ਤਾਂ ਇਹ ਪਤਾ ਲੱਗੇਗਾ ਕਿ ਦੋਵੇਂ ਜਥੇਬੰਦੀਆਂ ਦੇ ਅੱਤਵਾਦੀ ਜਥੇਬੰਦੀਆਂ ਨਾਲ ਕਿਹੋ ਜਿਹੇ ਸਬੰਧ ਹਨ। ਇਨ੍ਹਾਂ ਦੋਵਾਂ ਸੰਗਠਨਾਂ ਅਤੇ ਅੱਤਵਾਦੀ ਸੰਗਠਨਾਂ ਵਿਚਾਲੇ ਗੰਢਤੁਪ ਖ਼ਤਰਨਾਕ ਹੈ। ਦੋਵੇਂ ਜਥੇਬੰਦੀਆਂ ਦੀ ਜਾਂਚ ਇਸ ਲਈ ਵੀ ਮਹੱਤਵਪੂਰਨ ਹੈ ਕਿ ਕਿਉਂਕਿ ਵਰਤਮਾਨ ਸਰਕਾਰ ਤੋਂ ਆਈਸੀਐੱਨਏ ਨੂੰ 10 ਲੱਖ ਡਾਲਰ (ਸੱਤ ਕਰੋੜ ਰੁਪਏ) ਦੀ ਸਰਕਾਰੀ ਗ੍ਰਾਂਟ ਮਿਲੀ ਹੈ।

ਪੱਤਰ 'ਚ ਕਿਹਾ ਗਿਆ ਹੈ ਕਿ ਕਸ਼ਮੀਰ ਵਿਚ ਜਾਰੀ ਤਣਾਅ ਅਤੇ ਹਿੰਸਾ ਭਾਰਤ ਤੇ ਪਾਕਿਸਤਾਨ ਦੋਵਾਂ ਦੀ ਸਥਿਰਤਾ ਲਈ ਖ਼ਤਰਾ ਹੈ। ਅਜਿਹੇ ਵਿਚ ਇਹ ਅਮਰੀਕਾ ਦੇ ਹਿੱਤ ਵਿਚ ਹੈ ਕਿ ਉਹ ਇਸ ਖੇਤਰ ਵਿਚ ਸ਼ਾਂਤੀ ਬਣਾਏ ਰੱਖੇ ਅਤੇ ਹਿੰਸਾ ਨਾਲ ਫੈਲਣ ਦੇਵੇ ਅਤੇ ਅੱਤਵਾਦੀ ਜਥੇਬੰਦੀਆਂ ਨੂੰ ਮਿਲਣ ਵਾਲੀ ਵਿੱਤੀ ਮਦਦ 'ਤੇ ਰੋਕ ਲਗਾਏ।