ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਓਰੇਗਨ ਸੂਬੇ ਦੇ ਇਕ ਜੱਜ ਨੇ ਹੈਲਥ ਇੰਸ਼ੋਰੈਂਸ 'ਤੇ ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮਾਂ 'ਤੇ ਸ਼ਨਿਚਰਵਾਰ ਨੂੰ ਰੋਕ ਲਗਾ ਦਿੱਤੀ। ਨਵੇਂ ਨਿਯਮਾਂ ਤਹਿਤ ਪਰਵਾਸੀਆਂ ਲਈ ਇਹ ਸਾਬਤ ਕਰਨਾ ਜ਼ਰੂਰੀ ਕੀਤਾ ਗਿਆ ਸੀ ਕਿ ਉਹ ਅਮਰੀਕਾ ਪਹੁੰਚਣ ਦੇ 30 ਦਿਨਾਂ ਦੇ ਅੰਦਰ ਹੈਲਥ ਇੰਸ਼ੋਰੈਂਸ ਲੈਣਗੇ ਜਾਂ ਡਾਕਟਰੀ ਦੇਖਭਾਲ ਦਾ ਖ਼ਰਚ ਉਠਾ ਸਕਦੇ ਹਨ। ਇਸ ਤੋਂ ਬਾਅਦ ਹੀ ਉਹ ਵੀਜ਼ਾ ਪਾ ਸਕਣਗੇ। ਇਨ੍ਹਾਂ ਨਿਯਮਾਂ ਨਾਲ ਭਾਰਤੀਆਂ 'ਤੇ ਵੀ ਅਸਰ ਪੈਣ ਦਾ ਅਨੁਮਾਨ ਹੈ।

ਓਰੇਗਨ ਦੇ ਪੋਰਟਲੈਂਡ ਦੇ ਡਿਸਟਿ੍ਕਟ ਜੱਜ ਮਾਈਕਲ ਸਿਮੋਨ ਨੇ ਟਰੰਪ ਪ੍ਰਸ਼ਾਸਨ ਦੇ ਇਨ੍ਹਾਂ ਨਿਯਮਾਂ 'ਤੇ 28 ਦਿਨਾਂ ਲਈ ਅਸਥਾਈ ਰੋਕ ਲਗਾਉਣ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਦਾ ਇਹ ਫ਼ੈਸਲਾ ਐਤਵਾਰ ਤੋਂ ਲਾਗੂ ਹੋ ਗਿਆ, ਜਦਕਿ ਨਵੇਂ ਨਿਯਮਾਂ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਜਾਰੀ ਰਹੇਗੀ। ਅਮਰੀਕਾ ਦੇ ਸੱਤ ਨਾਗਰਿਕਾਂ ਅਤੇ ਇਕ ਗ਼ੈਰ ਲਾਭਕਾਰੀ ਸੰਗਠਨ ਨੇ ਬੀਤੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਖ਼ਿਲਾਫ਼ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਸੀ। ਇਸ ਵਿਚ ਇਹ ਕਿਹਾ ਗਿਆ ਸੀ ਕਿ ਨਵੇਂ ਨਿਯਮਾਂ ਨਾਲ ਜਾਇਜ਼ ਰੂਪ ਨਾਲ ਅਮਰੀਕਾ ਆਉਣ ਵਾਲੇ ਦੋ-ਤਿਹਾਈ ਪਰਵਾਸੀਆਂ 'ਤੇ ਰੋਕ ਲੱਗ ਜਾਵੇਗੀ। ਫੈਮਿਲੀ ਵੀਜ਼ਾ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦੀ ਗਿਣਤੀ ਬਹੁਤ ਘੱਟ ਹੋ ਜਾਵੇਗੀ।

ਅਦਾਲਤ 'ਚ ਸ਼ਨਿਚਰਵਾਰ ਨੂੰ ਇਨ੍ਹਾਂ ਪਟੀਸ਼ਨਰਾਂ ਵੱਲੋਂ ਬਹਿਸ ਕਰਨ ਵਾਲੇ ਵਕੀਲ ਐਸਥਰ ਸੁੰਗ ਨੇ ਕਿਹਾ, 'ਅਸੀਂ ਲੋਕ ਬਹੁਤ ਧੰਨਵਾਦੀ ਹਾਂ ਕਿ ਅਦਾਲਤ ਨੇ ਹੈਲਥ ਕੇਅਰ 'ਤੇ ਫ਼ੌਰੀ ਤੌਰ 'ਤੇ ਰੋਕ ਲਾਉਣ ਦੀ ਲੋੜ ਨੂੰ ਮਨਜ਼ੂਰੀ ਦਿੱਤੀ।' ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਜਨਤਕ ਪ੍ਰਰੋਗਰਾਮ ਤਕ ਪਰਵਾਸੀਆਂ ਦੀ ਪਹੁੰਚ ਨੂੰ ਸੀਮਤ ਕਰਨ ਦੀ ਕੋਸ਼ਿਸ਼ ਤਹਿਤ ਇਹ ਕਦਮ ਚੁੱਕਿਆ ਸੀ। ਇਸ ਦੇ ਨਾਲ ਹੀ ਪਰਿਵਾਰ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਥਾਂ ਯੋਗਤਾ ਅਧਾਰਤ ਪ੍ਰਣਾਲੀ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।