ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੂਹ ਦੇ ਇਸਤੇਮਾਲ ਲਈ ਨੀਤੀ ਦਿਸ਼ਾ-ਨਿਰਦੇਸ਼ ਬਣਾਉਣ ਵਾਸਤੇ ਇਕ ਅੰਤਰਰਾਸ਼ਟਰੀ ਕਮੇਟੀ ਵਿਚ ਸ਼ਾਮਲ ਹੋ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਟਰੰਪ ਪ੍ਰਸ਼ਾਸਨ ਨੇ ਇਸ ਵਿਚਾਰ ਨੂੰ ਖ਼ਾਰਜ ਕਰ ਦਿੱਤਾ ਸੀ।

ਵ੍ਹਾਈਟ ਹਾਊਸ ਦੇ ਮੁੱਖ ਤਕਨੀਕੀ ਅਧਿਕਾਰੀ ਮਾਈਕਲ ਕ੍ਰੈਟਸਿਯੋਸ ਨੇ ਵੀਰਵਾਰ ਨੂੰ ਦੱਸਿਆ ਕਿ ਨਾਗਰਿਕ ਆਜ਼ਾਦੀ ਨੂੰ ਖ਼ਤਰੇ ਵਿਚ ਪਾਉਣ ਦੇ ਮਕਸਦ ਨਾਲ ਤਕਨੀਕ ਨਾਲ ਛੇੜਛਾੜ ਕਰਨ ਦੇ ਚੀਨ ਦੇ ਰਿਕਾਰਡ ਨਾਲ ਨਿਪਟਣ ਲਈ ਸਾਂਝਾ ਲੋਕਤੰਤਿ੍ਕ ਸਿਧਾਂਤ ਸਥਾਪਿਤ ਕਰਨਾ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਤਕਨਾਲੋਜੀ ਕੰਪਨੀਆਂ ਸੰਯੁਕਤ ਰਾਸ਼ਟਰ ਵਿਚ ਫੇਸ਼ੀਅਲ ਰਿਕਗਨੀਸ਼ਨ (ਚਿਹਰੇ ਦੀ ਪਛਾਣ ਦੀ ਤਕਨੀਕ) ਅਤੇ ਨਿਗਰਾਨੀ 'ਤੇ ਅੰਤਰਰਾਸ਼ਟਰੀ ਮਾਨਕਾਂ ਨੂੰ ਨਵਾਂ ਆਕਾਰ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਟਰੰਪ ਪ੍ਰਸ਼ਾਸਨ ਜੀ7 ਦਾ ਇਕਲੌਤਾ ਦੇਸ਼ ਸੀ ਜਿਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਵਿਸ਼ਵ ਪੱਧਰੀ ਭਾਈਵਾਲੀ ਦਾ ਹਿੱਸਾ ਬਣਨ 'ਤੇ ਸਹਿਮਤੀ ਨਹੀਂ ਪ੍ਰਗਟਾਈ ਸੀ। ਰਾਸ਼ਟਰੀ ਤਕਨਾਲੋਜੀ ਮੰਤਰੀਆਂ ਵਿਚਕਾਰ ਵਰਚੁਅਲ ਬੈਠਕ ਪਿੱਛੋਂ ਵੀਰਵਾਰ ਨੂੰ ਇਹ ਭਾਈਵਾਲੀ ਕੀਤੀ ਗਈ।