ਵਾਸ਼ਿੰਗਟਨ (ਏਐੱਨਆਈ) : ਅਫ਼ਗਾਨਿਸਤਾਨ 'ਚ ਸਥਾਈ ਸ਼ਾਂਤੀ ਲਈ ਅਮਰੀਕਾ ਨੇ ਸਰਗਰਮੀ ਵਧਾ ਦਿੱਤੀ ਹੈ। ਅਮਰੀਕਾ ਦੇ ਅਫ਼ਗਾਨਿਸਤਾਨ ਵਿਚ ਸਥਾਈ ਸ਼ਾਂਤੀ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧੀ ਜ਼ਾਲਮੇ ਖ਼ਲੀਲਜ਼ਾਦ ਕਾਬੁਲ ਪੁੱਜ ਗਏ ਹਨ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖ਼ਲੀਲਜ਼ਾਦ ਅਤੇ ਉਨ੍ਹਾਂ ਦਾ ਪ੍ਰਤੀਨਿਧੀ ਮੰਡਲ ਅਫ਼ਗਾਨਿਸਤਾਨ, ਇਸਲਾਮੀ ਦੇਸ਼ ਦੇ ਨੇਤਾਵਾਂ ਅਤੇ ਤਾਲਿਬਾਨ ਪ੍ਰਤੀਨਿਧੀਆਂ ਨਾਲ ਵਾਰਤਾ ਕਰੇਗਾ। ਪ੍ਰਤੀਨਿਧੀ ਮੰਡਲ ਦਾ ਉਦੇਸ਼ ਅਫ਼ਗਾਨਿਸਤਾਨ ਵਿਚ ਸਿਆਸੀ ਹੱਲ ਅਤੇ ਸਥਾਈ ਸ਼ਾਂਤੀ ਸਥਾਪਿਤ ਕਰਨਾ ਹੋਵੇਗਾ। ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਇਡਨ ਸਰਕਾਰ ਦੇ ਕੰਮਕਾਜ ਸੰਭਾਲਣ ਪਿੱਛੋਂ ਜ਼ਾਲਮੇ ਖ਼ਲੀਲਜ਼ਾਦ ਦਾ ਇਹ ਪਹਿਲਾ ਦੌਰਾ ਹੋਵੇਗਾ। ਅਮਰੀਕਾ ਦੇ ਸਥਾਈ ਪ੍ਰਤੀਨਿਧੀ ਵੱਲੋਂ ਨਵੀਂ ਦਿੱਲੀ ਅਤੇ ਇਸਲਾਮਾਬਾਦ ਦਾ ਵੀ ਦੌਰਾ ਕਰਨ ਦੀ ਯੋਜਨਾ ਹੈ। ਖ਼ਲੀਲਜ਼ਾਦ ਨੇ ਅਫ਼ਗਾਨਿਸਤਾਨ ਪੁੱਜ ਕੇ ਉੱਥੇ ਅਫ਼ਗਾਨਿਸਤਾਨ ਦੇ ਵਿਸ਼ੇਸ਼ ਪ੍ਰਤੀਨਿਧੀ ਅਬਦੁੱਲਾ ਅਬਦੁੱਲਾ ਨਾਲ ਵਾਰਤਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹਿੰਸਾ ਨੂੰ ਤੁਰੰਤ ਖ਼ਤਮ ਕਰਨਾ ਅਤੇ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣਾ ਹੈ।

ਤਾਲਿਬਾਨ ਨਾਲ ਦੁਬਾਰਾ ਵਾਰਤਾ ਸ਼ੁਰੂ ਕਰਨ ਦੀ ਪਹਿਲੇ ਤੋਂ ਇਸ ਗੱਲ ਦੇ ਸਿੱਧੇ ਸੰਕੇਤ ਮਿਲ ਰਹੇ ਹਨ ਕਿ ਅਫ਼ਗਾਨਿਸਤਾਨ ਦੇ ਸਬੰਧ ਵਿਚ ਜੋਅ ਬਾਇਡਨ ਪ੍ਰਸ਼ਾਸਨ ਟਰੰਪ ਦੀਆਂ ਨੀਤੀਆਂ 'ਤੇ ਹੀ ਅੱਗੇ ਵਧੇਗਾ। ਅਫ਼ਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਨੂੰ ਲੈ ਕੇ ਭਾਰਤ ਦੀ ਲਗਾਤਾਰ ਨਜ਼ਰ ਹੈ। ਭਾਰਤ ਦੇ ਅਫ਼ਗਾਨਿਸਤਾਨ ਦੇ ਵਿਕਾਸ ਲਈ ਕਈ ਵੱਡੇ ਪ੍ਰਰਾਜੈਕਟ ਚੱਲ ਰਹੇ ਹਨ। ਉੱਥੇ ਭਾਰਤ ਨੇ ਦੋ ਅਰਬ ਡਾਲਰ (ਕਰੀਬ ਡੇਢ ਲੱਖ ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੋਇਆ ਹੈ। ਭਾਰਤ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਵਿਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਸਥਾਪਿਤ ਹੋ ਕੇ ਸਥਾਈ ਸਰਕਾਰ ਬਣੇ। ਉੱਥੇ 18 ਸਾਲਾਂ ਪਿੱਛੋਂ ਫਰਵਰੀ 2020 ਵਿਚ ਅਮਰੀਕਾ ਤੇ ਤਾਲਿਬਾਨ ਦਾ ਸਮਝੌਤਾ ਹੋਇਆ ਹੈ ਜਿਸ ਵਿਚ ਅਮਰੀਕਾ ਦੀ ਫ਼ੌਜ ਵਾਪਸੀ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਜੰਗਬੰਦੀ ਅਤੇ ਸ਼ਾਂਤੀ ਸਥਾਪਿਤ ਕਰਨ ਦੀ ਸਾਰੇ ਪੱਖਾਂ ਵਿਚ ਸਹਿਮਤੀ ਬਣੀ ਹੈ।

Posted By: Susheel Khanna