ਵਾਸ਼ਿੰਗਟਨ (ਪੀਟੀਆਈ) : ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ੇ ਨੂੰ ਕੁਝ ਘਟਾਉਣ ਦੀ ਕਵਾਇਦ ਵਿਚ ਇਸ ਦੀ ਅਰਜ਼ੀ ਫੀਸ ਵਧਾ ਦਿੱਤੀ ਹੈ। ਅਮਰੀਕਾ ਵਿਚ ਨੌਕਰੀ ਦੀ ਇੱਛਾ ਰੱਖਣ ਵਾਲੇ ਬਿਨੈਕਾਰਾਂ ਨੂੰ ਹੁਣ ਫੀਸ ਦੇ ਤੌਰ 'ਤੇ 10 ਡਾਲਰ (ਕਰੀਬ 700 ਰੁਪਏ) ਜ਼ਿਆਦਾ ਦੇਣੇ ਹੋਣਗੇ। ਐੱਚ-1ਬੀ ਵੀਜ਼ੇ ਦੀ ਅਰਜ਼ੀ ਦੇ ਤੌਰ 'ਤੇ ਇਸ ਸਮੇਂ 460 ਡਾਲਰ (ਕਰੀਬ 32 ਹਜ਼ਾਰ ਰੁਪਏ) ਲਏ ਜਾਂਦੇ ਹਨ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਕਾਫ਼ੀ ਲੋਕਪਿ੍ਆ ਹੈ।

ਵੀਜ਼ਾ ਮਾਮਲੇ ਨੂੰ ਦੇਖਣ ਵਾਲੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਵੀਰਵਾਰ ਨੂੰ ਕਿਹਾ ਕਿ ਵਾਪਸ ਨਾ ਹੋਣ ਵਾਲੀ ਇਹ ਫੀਸ ਐੱਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਦੇ ਲਿਹਾਜ਼ ਨਾਲ ਨਵੀਂ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ ਵਿਚ ਲਾਭਕਾਰੀ ਹੋਵੇਗੀ। ਇਹ ਵੀਜ਼ਾ ਬਿਨੈਕਾਰਾਂ ਅਤੇ ਸੰਘੀ ਏਜੰਸੀ ਦੋਵਾਂ ਲਈ ਲਾਭਕਾਰੀ ਹੋਵੇਗਾ। ਯੂਐੱਸਸੀਆਈਐੱਸ ਦੇ ਕਾਰਜਕਾਰੀ ਨਿਰਦੇਸ਼ਕ ਕੇਨ ਕੁਸੀਨੇਲੀ ਨੇ ਕਿਹਾ ਕਿ ਇਸ ਕਵਾਇਦ ਵਿਚ ਐੱਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਵਿਚ ਮਦਦ ਮਿਲੇਗੀ। ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਫਰਜ਼ੀਵਾੜੇ ਨੂੰ ਰੋਕਣ ਅਤੇ ਜਾਂਚ ਪ੍ਰਕਿਰਿਆਵਾਂ ਵਿਚ ਸੁਧਾਰ ਦੀ ਪਹਿਲ ਦਾ ਹਿੱਸਾ ਹੈ। ਯੂਐੱਸਸੀਆਈਐੱਸ ਨੇ ਦੱਸਿਆ ਕਿ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਹੋਣ ਪਿੱਛੋਂ ਬਿਨੈਕਾਰਾਂ ਨੂੰ ਪਹਿਲੇ ਇਸ ਵਿਚ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਸਫ਼ਲ ਪ੍ਰਰੀਖਣ ਪਿੱਛੋਂ ਇਸ ਪ੍ਰਣਾਲੀ ਨੂੰ ਵਿੱਤੀ ਸਾਲ 2021 ਲਈ ਪ੍ਰਭਾਵੀ ਕੀਤਾ ਜਾਵੇਗਾ।

ਭਾਰਤੀਆਂ 'ਚ ਲੋਕਪਿ੍ਆ ਹੈ ਇਹ ਵੀਜ਼ਾ

ਭਾਰਤੀਆਂ ਵਿਚ ਲੋਕਪਿ੍ਆ ਐੱਚ-1ਬੀ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ਵਿਚ ਉੱਚ ਸਿੱਖਿਅਤ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਵਿਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਇਸ 'ਤੇ ਲਗਾਮ ਕੱਸੀ ਜਾ ਰਹੀ ਹੈ। ਹਰ ਸਾਲ ਕੁਲ 85 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ ਅਤੇ ਛੇ ਸਾਲ ਤਕ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ।