ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਪ੍ਰਤੀਨਿਧੀ ਸਭਾ ਵਿਚ ਉਈਗਰ ਜਬਰੀ ਕਿਰਤ ਨਿਵਾਰਨ ਬਿੱਲ ਪਾਸ ਕੀਤਾ ਗਿਆ ਹੈ। ਚੀਨ 'ਤੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਨੂੰ ਕੈਂਪਾਂ ਵਿਚ ਤਸੀਹੇ ਦੇਣ ਅਤੇ ਜਬਰੀ ਮਾਲ ਬਣਵਾਉਣ ਦਾ ਦੋਸ਼ ਹੈ। ਉਈਗਰ ਮੁਸਲਿਮਾਂ ਤੋਂ ਜਬਰੀ ਕਿਰਤ ਕਰਵਾ ਕੇ ਬਣੇ ਉਤਪਾਦ ਦੀ ਦਰਾਮਦ 'ਤੇ ਰੋਕ ਲਗਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਬਣ ਗਿਆ ਹੈ। ਦੁਨੀਆ ਭਰ ਦੇ ਉਈਗਰ ਮੁਸਲਿਮ ਸੰਗਠਨਾਂ ਨੇ ਇਸ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ ਹੈ।

ਇਸ ਬਿੱਲ ਦੇ ਪੱਖ ਵਿਚ 406 ਵੋਟਾਂ ਪਈਆਂ। ਵਿਰੋਧ ਵਿਚ ਤਿੰਨ ਵੋਟਾਂ ਪਈਆਂ। ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲੇ ਇਸ ਨੂੰ ਸੈਨੇਟ ਤੋਂ ਪਾਸ ਕਰਵਾਉਣਾ ਜ਼ਰਰੀ ਹੈ। ਪ੍ਰਤੀਨਿਧੀ ਸਭਾ ਵਿਚ ਬਹਿਸ ਦੌਰਾਨ ਐੱਮਪੀ ਮਾਈਕਲ ਮੈਕਾਲ ਨੇ ਦੋਸ਼ ਲਗਾਇਆ ਕਿ ਚੀਨੀ ਕਮਿਊਨਿਸਟ ਪਾਰਟੀ ਉਈਗਰਾਂ ਅਤੇ ਹੋਰ ਘੱਟ ਗਿਣਤੀ ਮੁਸਲਮਾਨਾਂ ਤੋਂ ਜਬਰੀ ਕੰਮ ਕਰਵਾ ਰਹੀ ਹੈ। 10 ਤੋਂ 30 ਲੱਖ ਦੀ ਗਿਣਤੀ ਵਿਚ ਉਈਗਰਾਂ ਨੂੰ ਤਸੀਹਾ ਕੈਂਪਾਂ ਵਿਚ ਰੱਖਿਆ ਗਿਆ ਹੈ। ਇਨ੍ਹਾਂ ਨਾਲ ਜ਼ਾਲਮਾਨਾ ਵਿਹਾਰ ਹੁੰਦਾ ਹੈ। ਇਨ੍ਹਾਂ ਦਾ ਬਰੇਨ ਵਾਸ਼ ਕੀਤਾ ਜਾ ਰਿਹਾ ਹੈ, ਇਨ੍ਹਾਂ ਦੀ ਸੰਸਕ੍ਰਿਤਕ ਪਛਾਣ ਖ਼ਤਮ ਕੀਤੀ ਜਾ ਰਹੀ ਹੈ। ਮੁਸਲਮਾਨਾਂ ਦੀ ਆਬਾਦੀ ਰੋਕਣ ਲਈ ਨਿਸ਼ਚਿਤ ਤੌਰ 'ਤੇ ਵੱਡੇ ਪੈਮਾਨੇ 'ਤੇ ਨਸਬੰਦੀ ਅਤੇ ਗਰਭਪਾਤ ਕੀਤਾ ਜਾ ਰਿਹਾ ਹੈ। ਚੀਨ ਨੇ ਜ਼ੁਲਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਐੱਮਪੀ ਕੇਵਿਨ ਬ੍ਰੈਡੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣ ਲਈ ਚੀਨ ਨੂੰ ਜਵਾਬਦੇਹ ਠਹਿਰਾਉਣ ਦਾ ਯਤਨ ਵਿਸ਼ਵ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ। ਚੀਨ ਦੇ ਜ਼ੁਲਮਾਂ 'ਤੇ ਲਗਾਮ ਲਗਾਉਣ ਲਈ ਅਮਰੀਕਾ ਦੁਨੀਆ ਦੀ ਅਗਵਾਈ ਕਰੇ ਅਤੇ ਬਾਕੀ ਲੋਕਤੰਤਿ੍ਕ ਦੇਸ਼ ਸਾਡਾ ਸਾਥ ਦੇਣ।