ਵਾਸ਼ਿੰੰਗਟਨ (ਏਐੱਫਪੀ) : ਅਮਰੀਕਾ ਦੀ ਟਰਾਂਸਪੋਰਟ ਮੰਤਰੀ ਐਲੇਨੀ ਚਾਓ ਅਹੁਦੇ ਦੀ ਦੁਰਵਰਤੋਂ ਨੂੰ ਲੈ ਕੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਜਾਂਚ ਦੇ ਘੇਰੇ 'ਚ ਆ ਗਈ ਹੈ। ਦੋਸ਼ ਹੈ ਕਿ ਚਾਓ ਨੇ ਪਰਿਵਾਰ ਦੀ ਸ਼ਿਪਿੰਗ ਕੰਪਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਬਨਿਟ 'ਚ ਆਪਣੇ ਅਹੁਦੇੇ ਦਾ ਇਸਤੇਮਾਲ ਕੀਤਾ। ਚੀਨੀ ਮੂਲ ਦੀ ਚਾਓ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਦੇ ਪ੍ਰਭਾਵਸ਼ਾਲੀ ਮੈਂਬਰ ਮਿਚ ਮੈਕਕਾਨੇਲ ਦੀ ਪਤਨੀ ਹੈ।

ਪ੍ਰਤੀਨਿਧ ਸਭਾ ਦੀ ਨਿਰੀਖਣ ਤੇ ਸੁਧਾਰ ਕਮੇਟੀ ਨੇ ਚਾਓ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਹਨ। ਕਮੇਟੀ ਦੇ ਪ੍ਰਧਾਨ ਐਲਿਜ਼ਾ ਕਮਿੰੰਗਸ ਤੇ ਇਕ ਹੋਰ ਡੈਮੋਕ੍ਰੇਟ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇੇ ਸੋਮਵਾਰ ਨੂੰ ਚਾਓ ਖ਼ਿਲਾਫ਼ ਜਾਂਚ ਦੀ ਜਾਣਕਾਰੀ ਦਿੱਤੀ। ਸੰਸਦੀ ਕਮੇਟੀ ਨੇ ਟਰਾਂਸਪੋਰਟ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਨਿੱਜੀ ਫਾਇਦੇ ਲਈ ਆਪਣੇ ਅਹੁਦੇ ਦੀ ਵਰਤੋਂ ਕੀਤੀ? ਉਨ੍ਹਾਂ ਤੋਂ ਪਰਿਵਾਰ ਨਾਲ ਜੁੜੇ ਕਾਰੋਬਾਰ ਤੇ ਹੋਰ ਕਾਰੋਬਾਰ 'ਚ ਹਿੱਸੇਦਾਰੀ ਨੂੰ ਲੈ ਕੇ ਵੀ ਦਸਤਾਵੇਜ਼ ਮੁਹੱਈਆ ਕਰਾਉਣ ਦੀ ਮੰਗ ਕੀਤੀ ਗਈ ਹੈ। ਇਸਦੇ ਲਈ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।