ਵਾਸ਼ਿੰਗਟਨ (ਪੀਟੀਆਈ) : ਭਾਰਤ ਅਤੇ ਚੀਨ ਸਰਹੱਦ ਦੇ ਹਾਲਾਤ 'ਤੇ ਅਮਰੀਕਾ ਨੇੜਿਉਂ ਨਜ਼ਰ ਰੱਖ ਰਿਹਾ ਹੈ। ਉਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੇ ਪਿੱਛੇ ਹਟਣ ਅਤੇ ਸਰਹੱਦ ਦੇ ਹਾਲਾਤ 'ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ।

ਅਮਰੀਕੀ ਵਿਦੇਸ਼ ਵਿਭਾਗ ਦਾ ਇਹ ਬਿਆਨ ਸੋਮਵਾਰ ਨੂੰ ਉਸ ਸਮੇਂ ਆਇਆ ਜਦੋਂ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿਚ ਅੱਠ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਚੱਲੇ ਤਣਾਅ ਪਿੱਛੋਂ ਆਪਣੇ ਫ਼ੌਜੀਆਂ ਨੂੰ ਹਟਾ ਰਹੇ ਹਨ। ਦੋਵਾਂ ਦੇਸ਼ਾਂ ਵਿਚ ਉੱਤਰੀ ਅਤੇ ਦੱਖਣੀ ਪੈਂਗੋਂਗ ਝੀਲ ਦੇ ਇਲਾਕਿਆਂ ਤੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ਹਟਾਉਣ ਨੂੰ ਲੈ ਕੇ ਸਹਿਮਤੀ ਬਣੀ ਹੈ। ਭਾਰਤ ਅਤੇ ਚੀਨ ਵਿਚਕਾਰ ਇਸੇ ਖੇਤਰ ਵਿਚ ਸਭ ਤੋਂ ਜ਼ਿਆਦਾ ਤਣਾਅ ਰਿਹਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਫ਼ੌਜੀਆਂ ਦੇ ਪਿੱਛੇ ਹੱਟਣ ਦੀਆਂ ਖ਼ਬਰਾਂ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਤਣਾਅ ਘੱਟ ਕਰਨ ਦੇ ਮੌਜੂਦਾ ਯਤਨਾਂ ਦਾ ਸਵਾਗਤ ਕਰਦੇ ਹਾਂ।

ਅਮਰੀਕਾ ਤੇ ਚੀਨ 'ਚ ਸਖ਼ਤ ਮੁਕਾਬਲੇਬਾਜ਼ੀ ਵਾਲੇ ਸਬੰਧ

ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਸਖ਼ਤ ਮੁਕਾਬਲੇਬਾਜ਼ੀ ਵਾਲੇ ਦੇਸ਼ਾਂ ਦੇ ਸਬੰਧ ਹਨ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਬਾਇਡਨ ਪ੍ਰਸ਼ਾਸਨ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਕੰਮ ਕਰੇਗਾ। ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਪਾਕੀ ਨੇ ਇਹ ਜਵਾਬ ਉਸ ਸਵਾਲ 'ਤੇ ਦਿੱਤਾ ਜਿਸ ਵਿਚ ਉਨ੍ਹਾਂ ਤੋਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ ਇਕ ਟਿੱਪਣੀ ਦੇ ਬਾਰੇ ਵਿਚ ਪੁੱਿਛਆ ਗਿਆ ਸੀ। ਵਾਂਗ ਨੇ ਕਿਹਾ ਸੀ ਕਿ ਅਮਰੀਕਾ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਤਾਇਵਾਨ, ਤਿੱਬਤ, ਹਾਂਗਕਾਂਗ ਅਤੇ ਸ਼ਿਨਜਿਆਂਗ ਵਿਚ ਵੱਖਵਾਦੀ ਤੱਤਾਂ ਦਾ ਸਮਰਥਨ ਰੋਕਣ ਅਤੇ ਆਰਥਿਕ ਮੁਕਾਬਲੇ ਨੂੰ ਖ਼ਤਮ ਕਰਨ ਦੀ ਵੀ ਅਪੀਲ ਕੀਤੀ ਸੀ।