ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸਰਕਾਰ ਯੁੱਧਗ੍ਸਤ ਅਫ਼ਗਾਨਿਸਤਾਨ ਨਾਲ ਕੇਵਲ ਆਪਣੇ ਫ਼ੌਜੀ ਹਟਾਉਣ ਲਈ ਹੀ ਸਮਝੌਤਾ ਨਹੀਂ ਕਰਨਾ ਚਾਹੁੰਦੀ। ਅੱਤਵਾਦੀ ਜਮਾਤ ਤਾਲਿਬਾਨ ਨਾਲ ਗੱਲਬਾਤ 'ਚ ਅਹਿਮ ਭੂਮਿਕਾ ਨਿਭਾ ਰਹੇ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਾਲਮੇ ਖਲੀਲਜਾਦ ਨੇ ਕਿਹਾ ਕਿ ਸਾਡੀ ਸਰਕਾਰ ਸ਼ਾਂਤੀ ਸਮਝੌਤਾ ਕਰਨਾ ਚਾਹੁੰਦੀ ਹੈ। ਸੰਧੀ ਲਈ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਹਾਜ਼ਰੀ ਦੌਰਾਨ ਖ਼ਲੀਲਜਾਦ ਨੇ ਕਿਹਾ ਕਿ ਪਿਛਲੇ ਮਹੀਨੇ ਦੋਹਾ 'ਚ ਤਾਲਿਬਾਨ ਨਾਲ ਹੋਈ ਗੱਲਬਾਤ ਦੌਰਾਨ ਸੰਧੀ ਦੀ ਰੂਪਰੇਖਾ 'ਤੇ ਹੀ ਸਹਿਮਤੀ ਬਣ ਸਕੀ ਸੀ। ਸਮਝੌਤੇ 'ਤੇ ਪੁੱਜਣ ਲਈ ਲੰਬਾ ਰਸਤਾ ਤੈਅ ਕਰਨਾ ਅਜੇ ਬਾਕੀ ਹੈ। ਯੂਐੱਸ ਇੰਸਟੀਚਿਊਟ ਆਫ ਪੀਸ (ਯੂੈੱਸਆਈਪੀ) 'ਚ ਗੱਲਬਾਤ ਕਰਦਿਆਂ ਰਾਜਦੂਤ ਨੇ ਸ਼ਾਂਤੀ ਸਮਝੌਤੇ ਲਈ ਖੇਤਰੀ ਧਿਰਾਂ ਜਿਵੇਂ ਪਾਕਿਸਤਾਨ ਆਦਿ ਦੀ ਭੂਮਿਕਾ ਨੂੰ ਵੀ ਅਹਿਮ ਮੰਨਿਆ। ਉਨ੍ਹਾਂ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਦਾ ਭਵਿੱਖ ਯਕੀਨੀ ਕਰਨ ਲਈ ਉੱਥੋਂ ਦੀਆਂ ਦੋਵਾਂ ਧਿਰਾਂ (ਸਰਕਾਰ ਤੇ ਤਾਲਿਬਾਨ) 'ਚ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ।

ਚੋਣਾਂ ਤੋਂ ਪਹਿਲਾਂ ਸ਼ਾਂਤੀ ਸਮਝੌਤੇ ਦੀ ਕੋਸ਼ਿਸ਼

ਅਮਰੀਕਾ ਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਸ਼ਾਂਤੀ ਸਮਝੌਤੇ 'ਤੇ ਸਾਰੀਆਂ ਧਿਰਾਂ ਦੀ ਸਹਿਮਤੀ ਬਣ ਜਾਵੇਗੀ। ਜੁਲਾਈ ਮਹੀਨੇ 'ਚ ਉੱਥੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਮਰੀਕੀ ਰਾਜਦੂਤ ਨੇ ਕਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਸੰਧੀ ਹੋ ਜਾਂਦੀ ਹੈ ਤਾਂ ਇਹ ਅਫ਼ਗਾਨਿਸਤਾਨ ਦੇ ਹਿੱਤ 'ਚ ਹੋਵੇਗਾ।

ਅਮਰੀਕਾ ਦੇ ਕਹਿਣ 'ਤੇ ਪਾਕਿਸਤਾਨ ਨੇ ਤਾਲਿਬਾਨੀ ਅੱਤਵਾਦੀ ਨੂੰ ਛੱਡਿਆ

ਪਾਕਿਸਤਾਨ ਨੇ ਤਾਲਿਬਾਨ ਦੇ ਵੱਡੇ ਅੱਤਵਾਦੀ ਮੁੱਲਾ ਅਬਦੁੱਲ ਗਨੀ ਬਰਦਾਰ ਨੂੰ ਅਮਰੀਕਾ ਦੇ ਕਹਿਣ 'ਤੇ ਹੀ ਰਿਹਾਅ ਕੀਤਾ ਸੀ। ਸ਼ਾਂਤੀ ਗੱਲਬਾਤ 'ਚ ਪਾਕਿਸਤਾਨ ਦੀ ਭੂਮਿਕਾ ਦੇ ਸਵਾਲ 'ਤੇ ਅਮਰੀਕੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ ਕਹਿਣ 'ਤੇ ਮੁੱਲਾ ਨੂੰ ਰਿਹਾਅ ਕੀਤਾ ਸੀ। ਸ਼ਾਂਤੀ ਗੱਲਬਾਤ 'ਚ ਤਾਲਿਬਾਨ ਵੱਲੋਂ ਮੁੱਲਾ ਹੀ ਗੱਲਬਾਤ ਕਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਾਕਿਸਤਾਨ ਨੇ 2010 'ਚ ਕਰਾਚੀ ਤੋਂ ਉਸ ਨੂੰ ਗਿ੍ਫ਼ਤਾਰ ਕੀਤਾ ਸੀ। ਪਿਛਲੇ ਸਾਲ ਅਕਤੂਬਰ 'ਚ ਉਸ ਨੂੰ ਰਿਹਾਅ ਕੀਤਾ ਗਿਆ ਸੀ।

----------------------------------------------