ਵਾਸ਼ਿੰਗਟਨ (ਏਜੰਸੀ) : ਅਮਰੀਕਾ ਨੇ ਪਾਕਿਸਤਾਨ 'ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸਰਗਨਾ ਨੂਰ ਵਲੀ ਉਰਫ਼ ਮੁਫ਼ਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ ਹੈ। ਪਾਕਿਸਤਾਨ ਤਾਲਿਬਾਨ ਦੇ ਨਾਂ ਨਾਲ ਬਦਨਾਮ ਇਸ ਅੱਤਵਾਦੀ ਜਮਾਤ ਨੇ ਕਈ ਆਤਮਘਾਤੀ ਹਮਲੇ ਅੰਜਾਮ ਦਿੱਤੇ ਹਨ, ਜਿਨ੍ਹਾਂ 'ਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ ਟੀਟੀਪੀ ਨੂੰ ਪਹਿਲਾਂ ਹੀ ਆਲਮੀ ਅੱਤਵਾਦੀ ਜਥੇਬੰਦੀ ਐਲਾਨ ਚੁੱਕਾ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਪਿਛਲੇ ਸਾਲ ਜੂਨ ਵਿਚ ਟੀਟੀਪੀ ਸਰਗਨਾ ਮੁੱਲਾ ਫਜ਼ਲੁੱਲਾ ਦੇ ਮਾਰੇ ਜਾਣ ਤੋਂ ਬਾਅਦ ਨੂਰ ਵਲੀ ਨੇ ਇਸ ਅੱਤਵਾਦੀ ਜਮਾਤ ਦੀ ਕਮਾਨ ਸੰਭਾਲੀ ਸੀ। ਵਿਦੇਸ਼ ਮੰਤਰਾਲੇ ਨੇ ਅਲਕਾਇਦਾ ਨਾਲ ਜੁੜੇ ਸੀਰੀਆ-ਹੁਰਰਸ ਅਲ-ਦੀਨ ਨੂੰ ਵੀ ਆਲਮੀ ਅੱਤਵਾਦੀ ਜਮਾਤ ਐਲਾਨਿਆ ਹੈ।

ਇਹ ਵੀ ਐਲਾਨੇ ਗਏ ਆਲਮੀ ਅੱਤਵਾਦੀ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜਬੁੱਲਾ, ਹਮਾਸ, ਫਲਸਤੀਨ ਇਸਲਾਮਿਕ ਜਿਹਾਦ, ਇਸਲਾਮਿਕ ਸਟੇਟ (ਆਈਐੱਸ), ਆਈਐੱਸ-ਫਿਲੀਪੀਂਸ, ਆਈਐੱਸ-ਵੈਸਟ ਅਫਰੀਕਾ ਵਰਗੀਆਂ ਕੁੱਲ 12 ਅੱਤਵਾਦੀ ਜਥੇਬੰਦੀਆਂ ਦੇ ਸਰਗਨਿਆਂ ਨੂੰ ਵੀ ਆਲਮੀ ਅੱਤਵਾਦੀ ਐਲਾਨਿਆ ਹੈ। ਇਨ੍ਹਾਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ 14 ਹੋਰ ਮੈਂਬਰਾਂ ਨੂੰ ਵੀ ਆਲਮੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਐੱਫਏਟੀਐੱਫ ਦੇ ਰਾਡਾਰ 'ਤੇ ਪਾਕਿ

ਅਮਰੀਕਾ ਦੇ ਇਸ ਕਦਮ ਨੂੰ ਪਾਕਿਸਤਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕੌਮਾਂਤਰੀ ਭਾਈਚਾਰਾ ਕਈ ਵਾਰ ਕਹਿ ਚੁੱਕਾ ਹੈ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਦਾ ਸਮਰਥਨ ਕਰਦਾ ਹੈ। ਉਹ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਵਰਗੀਆਂ ਅੱਤਵਾਦੀ ਜਥੇਬੰਦੀਆਂ ਨੂੰ ਪਨਾਹ ਦੇਣ ਕਾਰਨ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਰਡਾਰ 'ਤੇ ਹੈ। ਪਾਕਿਸਤਾਨ 'ਤੇ ਕੌਮਾਂਤਰੀ ਪੱਧਰ 'ਤੇ ਅੱਤਵਾਦ ਫੰਡਿੰਗ 'ਤੇ ਨਜ਼ਰ ਰੱਖਣ ਵਾਲੇ ਇਸ ਸੰਗਠਨ ਦੀ ਕਾਲੀ ਸੂਚੀ ਵਿਚ ਪਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

13 ਅੱਤਵਾਦੀ ਧੜਿਆਂ ਨੇ ਮਿਲ ਕੇ ਬਣਾਇਆ ਸੀ ਟੀਟੀਪੀ

-2007 ਵਿਚ ਬੈਤੁੱਲਾ ਮਹਿਸੂਦ ਦੀ ਅਗਵਾਈ ਵਿਚ 13 ਅੱਤਵਾਦੀ ਧੜਿਆਂ ਨੇ ਮਿਲ ਕੇ ਟੀਟੀਪੀ ਦਾ ਗਠਨ ਕੀਤਾ ਸੀ।

-2014 'ਚ ਟੀਟੀਪੀ ਨੇ ਪੇਸ਼ਾਵਰ ਦੇ ਸੈਨਿਕ ਸਕੂਲ 'ਤੇ ਹਮਲਾ ਕੀਤਾ ਸੀ। ਇਸ 'ਚ 150 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

-2016 ਵਿਚ ਬਾਸ਼ਾ ਖ਼ਾਨ ਯੂਨੀਵਰਸਿਟੀ 'ਤੇ ਹੋਏ ਹਮਲੇ ਵਿਚ 30 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀ ਜਾਨ ਤੋਂ ਹੱਥ ਧੋਤੇ ਸਨ।

-2007 ਵਿਚ ਰਾਵਲਪਿੰਡੀ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਲਈ ਵੀ ਟੀਟੀਪੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ।