ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਅਤੇ ਈਰਾਨ ਦੇ ਟਕਰਾਅ ਵਿਚ ਨਵਾਂ ਮੋੜ ਆ ਗਿਆ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਫ਼ੈਸਲੇ ਤੋਂ ਪਿੱਛੇ ਹੱਟਣ ਦੇ ਬਾਅਦ ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ 'ਤੇ ਸਾਈਬਰ ਹਮਲਾ ਕੀਤਾ ਗਿਆ ਹੈ। ਇਹ ਹਮਲਾ ਟਰੰਪ ਦੀ ਇਜਾਜ਼ਤ ਨਾਲ ਕੀਤਾ ਗਿਆ। ਇਸ ਦੇ ਇਲਾਵਾ ਅਮਰੀਕਾ ਸੋਮਵਾਰ ਤੋਂ ਈਰਾਨ 'ਤੇ ਕੁਝ ਹੋਰ ਪਾਬੰਦੀਆਂ ਵੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

ਅਧਿਕਾਰੀਆਂ ਮੁਤਾਬਕ ਇਸ ਸਾਈਬਰ ਹਮਲੇ ਰਾਹੀਂ ਈਰਾਨ ਦੇ ਰਾਕਟ ਅਤੇ ਮਿਜ਼ਾਈਲ ਲਾਂਚਰ ਕੰਟਰੋਲ ਕਰਨ ਵਾਲੇ ਕੰਪਿਊਟਰ ਸਿਸਟਮ ਨੂੰ ਜਾਮ ਕਰ ਦਿੱਤਾ ਗਿਆ। ਸਾਈਬਰ ਕਮਾਨ ਦੀ ਇਸ ਕਾਰਵਾਈ ਰਾਹੀਂ ਅਮਰੀਕਾ ਨੇ ਆਪਣੀ ਸਾਈਬਰ ਫ਼ੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਅਮਰੀਕਾ ਇਸ ਦਿਸ਼ਾ 'ਚ ਆਪਣੀ ਤਾਕਤ ਨੂੰ ਲਗਾਤਾਰ ਵਧਾਉਣ ਦਾ ਕੰਮ ਕਰ ਰਿਹਾ ਹੈ। ਸਾਈਬਰ ਹਮਲੇ ਦੇ ਇਸ ਦਾਅਵੇ ਨੂੰ ਲੈ ਕੇ ਈਰਾਨ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਪਿਛਲੇ ਦਹਾਕੇ ਵਿਚ ਫੈਲੇ ਸਟਕਸਨੈੱਟ ਵਾਇਰਸ ਪਿੱਛੋਂ ਈਰਾਨ ਨੇ ਆਪਣੇ ਜ਼ਿਆਦਾਤਰ ਮਹੱਤਵਪੂਰਣ ਵਿਭਾਗਾਂ ਅਤੇ ਢਾਂਚਿਆਂ ਨੂੰ ਇੰਟਰਨੈੱਟ ਤੋਂ ਅਲੱਗ ਕਰ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਇਸ ਵਾਇਰਸ ਨੂੰ ਫ਼ੈਲਾਉਣ 'ਚ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਭੂਮਿਕਾ ਸੀ। ਇਸ ਨਾਲ ਈਰਾਨ ਦੇ ਹਜ਼ਾਰਾਂ ਕੰਪਿਊਟਰਾਂ ਨੂੰ ਨੁਕਸਾਨ ਪੁੱਜਾ ਸੀ।

ਡਰੋਨ 'ਤੇ ਹਮਲੇ ਪਿੱਛੋਂ ਜੰਗ ਵਰਗੇ ਹਾਲਾਤ

ਈਰਾਨ ਨੇ ਮੰਗਲਵਾਰ ਨੂੰ ਅਮਰੀਕਾ ਦੇ ਇਕ ਡਰੋਨ ਨੂੰ ਡੇਗ ਦਿੱਤਾ ਸੀ। ਇਸ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਜੰਗ ਦੀ ਸਥਿਤੀ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਟਰੰਪ ਨੇ ਈਰਾਨ ਖ਼ਿਲਾਫ਼ ਜੰਗ ਦਾ ਆਦੇਸ਼ ਵੀ ਦਿੱਤਾ ਸੀ ਜੋਕਿ ਬਾਅਦ 'ਚ ਵਾਪਸ ਲੈ ਲਿਆ ਗਿਆ।

ਈਰਾਨ ਨੇ ਵੀ ਕੀਤੀ ਸਾਈਬਰ ਹਮਲੇ ਦੀ ਕੋਸ਼ਿਸ਼

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਈਰਾਨ ਲਈ ਕੰਮ ਕਰਨ ਵਾਲੇ ਕੁਝ ਹੈਕਰਾਂ ਨੇ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਦੇ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਸਪੱਸ਼ਟ ਨਹੀਂ ਹੈ ਕਿ ਸਫਲਤਾ ਮਿਲੀ ਕਿ ਨਹੀਂ।

ਤਹਿਰਾਨ ਪੁੱਜੇ ਬਿ੍ਟਿਸ਼ ਮੰਤਰੀ

ਖੇਤਰ ਵਿਚ ਤਣਾਅ ਦਰਮਿਆਨ ਬਿ੍ਟੇਨ ਦੇ ਪੱਛਮੀ ਏਸ਼ਿਆਈ ਮਾਮਲਿਆਂ ਦੇ ਮੰਤਰੀ ਐਂਡਰਿਊ ਮੌਰੀਸਨ ਐਤਵਾਰ ਨੂੰ ਤਹਿਰਾਨ ਪੁੱਜੇ। ਉਨ੍ਹਾਂ ਈਰਾਨ ਦੇ ਉੱਚ ਅਧਿਕਾਰੀਆਂ ਨਾਲ ਦੋ-ਪੱਖੀ ਸਬੰਧਾਂ 'ਤੇ ਚਰਚਾ ਕੀਤੀ।

ਅਮਰੀਕਾ ਨੇ ਦਿੱਤੀ ਚਿਤਾਵਨੀ

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕਿਹਾ ਹੈ ਕਿ ਆਖਰੀ ਪਲ ਜੰਗ ਦਾ ਫ਼ੈਸਲਾ ਵਾਪਸ ਲੈਣ ਦੇ ਅਮਰੀਕਾ ਦੇ ਫ਼ੈਸਲੇ ਨੂੰ ਈਰਾਨ ਉਸ ਦੀ ਕਮਜ਼ੋਰੀ ਨਾ ਸਮਝੇ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ।