ਵਾਸ਼ਿੰਗਟਨ (ਏਜੰਸੀਆਂ) : ਕੋਰੋਨਾ ਵਾਇਰਸ ਦੀ ਮਾਰ ਨਾਲ ਬੇਹਾਲ ਅਮਰੀਕਾ 'ਚ ਮਹਾਮਾਰੀ ਨਿਰੰਤਰ ਵਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ 'ਚ ਰਿਕਾਰਡ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ 'ਚ ਇਨਫੈਕਟਿਡ ਲੋਕਾਂ ਦਾ ਇਹ ਨਵਾਂ ਰਿਕਾਰਡ ਹੈ। ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਗਿਰਾਵਟ ਤੋਂ ਬਾਅਦ ਫਿਰ ਤੋਂ ਉਛਾਲ ਦੇਖਿਆ ਜਾ ਰਿਹਾ ਹੈ। ਲਗਾਤਾਰ ਤੀਜੇ ਦਿਨ ਇਹ ਬੜ੍ਹਤ ਦੇਖਣ ਨੂੰ ਮਿਲੀ ਹੈ। ਜਦਕਿ ਕੈਲੀਫੋਰਨੀਆ, ਫਲੋਰੀਡਾ ਤੇ ਟੈਕਸਾਸ ਮਹਾਮਾਰੀ ਦੇ ਨਵੇਂ ਕੇਂਦਰ ਬਣਦੇ ਜਾ ਰਹੇ ਹਨ। ਇਨ੍ਹਾਂ ਤਿੰਨਾਂ ਹੀ ਸੂਬਿਆਂ 'ਚ ਹੁਣ ਦੇ ਦਿਨਾਂ 'ਚ ਕੋਰੋਨਾ ਦੇ ਨਵੇਂ ਮਰੀਜ਼ਾਂ 'ਚ ਤੇਜ਼ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਨਿਊਜ਼ ਏਜੰਸੀ ਰਾਇਟਰ ਦੇ ਡਾਟੇ ਮੁਤਾਬਕ, ਅਮਰੀਕਾ 'ਚ ਵੀਰਵਾਰ ਨੂੰ 60 ਹਜ਼ਾਰ 565 ਨਵੇਂ ਇਨਫੈਕਟਿਡ ਪਾਏ ਗਏ। ਇਸ ਮਿਆਦ 'ਚ ਲਗਾਤਾਰ ਤੀਜੇ 800 ਤੋਂ ਵੱਧ ਪੀੜਤਾਂ ਦੀ ਮੌਤ ਹੋਈ। ਬੁੱਧਵਾਰ ਨੂੰ ਵੀ 60,020 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਅਮਰੀਕਾ 'ਚ ਹੁਣ ਤਕ ਕੁਲ 32 ਲੱਖ 22 ਹਜ਼ਾਰ ਤੋਂ ਵੱਧ ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ। ਇਨ੍ਹਾਂ 'ਚੋਂ 14 ਲੱਖ 26 ਹਜ਼ਾਰ ਉੱਭਰ ਗਏ ਹਨ। ਕਰੀਬ 16 ਲੱਖ 60 ਹਜ਼ਾਰ ਸਰਗਰਮ ਮਾਮਲੇ ਹਨ। ਜਦਕਿ ਇਕ ਲੱਖ 35 ਹਜ਼ਾਰ ਤੋਂ ਵੱਧ ਦਮ ਤੋੜ ਚੁੱਕੇ ਹਨ। ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ 'ਚ ਨਵੇਂ ਮਾਮਲਿਆਂ ਦਾ ਰੋਜ਼ਾਨਾ ਨਵਾਂ ਰਿਕਾਰਡ ਬਣ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਸੂਬਿਆਂ 'ਚ ਦਸ-ਦਸ ਹਜ਼ਾਰ ਦੇ ਕਰੀਬ ਨਵੇਂ ਮਾਮਲੇ ਦੇਖੇ ਜਾ ਰਹੇ ਹਨ। ਅਲਬਾਮਾ, ਮੋਂਟਾਨਾ ਤੇ ਵਿਸਕਾਨਸਿਨ 'ਚ ਵੀ ਇਨਫੈਕਸ਼ਨ 'ਚ ਵੀਰਵਾਰ ਨੂੰ ਰਿਕਾਰਡ ਵਧ ਰਿਹਾ ਹੈ। ਅਮਰੀਕਾ 'ਚ ਮਹਾਮਾਰੀ ਦਾ ਕੇਂਦਰ ਰਹੇ ਨਿਊਯਾਰਕ ਸੂਬੇ 'ਚ ਇਨਫੈਕਸ਼ਨ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇੱਕਲੇ ਇਸੇ ਸੂਬੇ 'ਚ ਚਾਰ ਲੱਖ 25 ਹਜ਼ਾਰ ਤੋਂ ਵੱਧ ਲੋਕ ਇਨਫੈਕਟਿਡ ਪਾਏ ਗਏ ਹਨ।

ਬਰਤਾਨੀਆ ਨੇ 70 ਦੇਸ਼ਾਂ ਲਈ ਖ਼ਤਮ ਕੀਤਾ ਕੁਆਰੰਟਾਈਨ

ਬਰਤਾਨੀਆ ਨੇ ਫਰਾਂਸ ਤੇ ਇਟਲੀ ਸਮੇਤ ਕਰੀਬ 70 ਦੇਸ਼ਾਂ ਲਈ ਕੁਆਰੰਟਾਈਨ ਨਿਯਮ ਖ਼ਤਮ ਕਰ ਦਿੱਤੇ ਹਨ। ਬਰਤਾਨੀਆ ਆਉਣ ਵਾਲੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਸ਼ੁੱਕਰਵਾਰ ਤੋਂ ਇਹ ਨਿਯਮ ਖ਼ਤਮ ਕਰ ਦਿੱਤੇ ਗਏ ਹਨ। ਹਾਲਾਂਕਿ ਕੋਰੋਨਾ ਦੇ ਉੱਚ ਖ਼ਤਰੇ ਵਾਲੇ ਦੇਸ਼ਾਂ ਤੋਂ ਆਉਣ ਵ ਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟਾਈਨ ਕਾਇਮ ਰਹੇਗਾ। ਬਰਤਾਨੀਆ 'ਚ ਕੋਰੋਨਾ ਦੇ ਦੋ ਲੱਖ 87 ਹਜ਼ਾਰ ਮਾਮਲੇ ਪਾਏ ਗਏ ਹਨ, ਜਦਕਿ 44 ਹਜ਼ਾਰ 602 ਦੀ ਮੌਤ ਹੋਈ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਅਰਥ ਵਿਵਸਥਾ ਨੂੰ ਖੋਲ੍ਹਣ 'ਤੇ ਅੜੇ

ਬ੍ਰਾਜ਼ੀਲ 'ਚ ਕੋਰੋਨਾ ਮਹਾਮਾਰੀ ਨਾਲ ਬਦਲਹਾਲ ਹੁੰਦੇ ਹਾਲਾਤ ਦੇ ਬਾਵਜੂਦ ਰਾਸ਼ਟਰਪਤੀ ਜੇਰ ਬੋਲਸੋਨਾਰੋ ਅਰਥ ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਲਈ ਅੜ ਗਏ ਹਨ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਹੈ ਕਿ ਅਰਥਵਿਵਸਥਾ ਨੂੰ ਖੋਲ੍ਹੇ ਜਾਣ ਦੀ ਜ਼ਰੂਰਤ ਹੈ। ਉਹ ਖ਼ੁਦ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਲੈਟਿਨ ਅਮਰੀਕੀ ਦੇਸ਼ 'ਚ ਹੁਣ ਤਕ 17 ਲੱਖ 62 ਹਜ਼ਾਰ ਮਰੀਜ਼ ਪਾਏ ਗਏ ਹਨ। ਕਰੀਬ 70 ਹਜ਼ਾਰ ਦੀ ਜਾਨ ਗਈ ਹੈ।

ਆਸਟ੍ਰੇਲੀਆ : ਕੋਰੋਨਾ ਇਨਫੈਕਸ਼ਨ ਵਧਣ 'ਤੇ ਵਿਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ ਦੌਰਾਨ ਵਿਕਟੋਰੀਆ 'ਚ 288 ਨਵੇਂ ਕੇਸ ਆਏ ਹਨ।

ਬੋਲੀਵਿਆ : ਇਸ ਦੇਸ਼ ਦੀ ਰਾਸ਼ਟਰਪਤੀ ਜੀਨਿਨ ਅੰਜ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਈਸੋਲੇਸ਼ਨ 'ਚ ਰਹਿੰਦੇ ਕੰਮ ਕਰਦੇ ਰਹਿਣਗੇ।

ਵੈਨਜੁਏਲਾ : ਸੋਸ਼ਲਿਸਟ ਪਾਰਟੀ ਦੇ ਨੇਤਾ ਡਾਓਸਡਾਡੋ ਕੈਬੇਲੋ ਇਨਫੈਕਟਿਡ ਪਾਏ ਗਏ। ਰਾਸ਼ਟਰਪਤੀ ਨਿਕੋਲਸ ਮੁਦਰੈ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਦਿਨਾਂ ਦੇ ਇਲਾਜ ਦੀ ਜ਼ਰੂਰਤ ਹੈ।

ਰੂਸ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਹੁਣ ਤਕ ਸੱਤ ਲੱਖ 14 ਹਜ਼ਾਰ ਲੋਕ ਕੋਰੋਨਾ ਤੋਂ ਪੀੜਤ ਪਾਏ ਜਾ ਚੁੱਕੇ ਹਨ।

ਹਾਂਗਕਾਂਗ : ਕੋਰੋਨਾ ਇਨਫੈਕਸ਼ਨ ਤੋਂ ਬਾਅਦ ਚੀਨ ਦੇ ਕੰਟਰੋਲ ਵਾਲੇ ਇਸ ਖੇਤਰ 'ਚ ਸਾਰੇ ਸਕੂਲਾਂ ਨੂੰ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸ੍ਰੀਲੰਕਾ : ਇਕ ਮੁੜਵਸੇਬਾ ਕੇਂਦਰ 'ਚ ਇਕ ਦਿਨ 'ਚ 252 ਲੋਕ ਇਨਫੈਕਟਿਡ ਪਾਏ ਜਾਣ ਨਾਲ ਇਸ ਦੇਸ਼ 'ਚ ਮਹਾਮਾਰੀ ਵਧਣ ਲਈ ਲੋਕਾਂ ਨੂੰ ਖ਼ਬਰਦਾਰ ਕੀਤਾ ਗਿਆ ਹੈ।

ਜਾਪਾਨ : ਕੋਰੋਨਾ ਇਨਫੈਕਸ਼ਨ ਲਈ ਨਾਈਟਕਲੱਬ ਨਵੇਂ ਕੇਂਦਰ ਤੇ ਤੌਰ 'ਤੇ ਉੱਭਰੇ ਹਨ। ਸਰਕਾਰ ਨੇ ਇਨ੍ਹਾਂ ਨੂੰ ਇਨਫੈਕਸ਼ਨ 'ਤੇ ਰੋਕ ਲਗਾਉਣ ਦੇ ਉਪਾਅ ਕਰਨ ਨੂੰ ਕਿਹਾ ਹੈ।

ਡਬਲਯੂਐੱਚਓ ਦੀ ਟੀਮ ਅੱਜ ਪੁੱਜੇਗੀ ਚੀਨ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਦੋ ਮੈਂਬਰੀ ਟੀਮ ਕੋਰੋਨਾ ਮਾਮਲੇ ਦੀ ਜਾਂਚ ਲਈ ਚੀਨ ਰਵਾਨਾ ਹੋ ਗਈ ਹੈ। ਇਹ ਟੀਮ ਸ਼ਨਿਚਰਵਾਰ ਨੂੰ ਬੀਜਿੰਗ ਪਹੁੰਚੇਗੀ। ਮਾਹਰਾਂ ਦੀ ਟੀਮ ਕੋਰੋਨਾ ਦੇ ਸਰੋਤਾਂ ਦੀ ਜਾਂਚ ਕਰੇਗੀ। ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੇ ਇਹ ਦੋਸ਼ ਲਗਾਇਆ ਹੈ ਕਿ ਇਸ ਮਾਰੂ ਵਾਇਰਸ ਦੀ ਉਤਪੱਤੀ ਵੁਹਾਨ ਲੈਬ ਤੋਂ ਹੋਈ ਹੈ। ਡਬਲਯੂਐੱਚਓ ਦੀ ਟਾਮ ਇਨ੍ਹਾਂ ਹੀ ਦੋਸ਼ਾਂ ਦੀ ਜਾਂਚ ਕਰੇਗੀ।