ਵਾਸ਼ਿੰਗਟਨ (ਪੀਟੀਆਈ) : ਇਕ ਅਮਰੀਕੀ ਸੰਸਦ ਮੈਂਬਰ ਨੇ ਅੱਤਵਾਦ ਖ਼ਿਲਾਫ਼ ਭਾਰਤ ਤੇ ਅਮਰੀਕਾ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੇ ਦੇਸ਼ ਦਾ ਮਿੱਤਰ ਹੋਣ ਲਈ ਵੀ ਧੰਨਵਾਦ ਕੀਤਾ। ਮੰਗਲਵਾਰ ਰਾਤ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ 'ਚ ਰਿਪਬਲਿਕਨ ਜੌਨ ਕਾਰਟਰ ਨੇ ਨਾ ਸਿਰਫ ਅਮਰੀਕਾ ਤੇ ਭਾਰਤ ਵਿਚਾਲੇ ਮਜ਼ਬੂਤ ਡਿਪਲੋਮੈਟ ਸਬੰਧਾਂ ਦੀ ਵਕਾਲਤ ਕੀਤੀ ਬਲਕਿ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਲੋਕਤੰਤਰ 'ਚ ਅਤਿ ਮਹੱਤਵਪੂਰਨ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ।

ਰਿਪਬਲਿਕਨ ਪਾਰਟੀ ਵੱਲੋਂ ਟੈਕਸਾਸ ਤੋਂ ਸੰਸਦ ਮੈਂਬਰ ਕਾਰਟਰ ਨੇ ਕਿਹਾ, 'ਭਾਰਤ ਅਤੇ ਅਮਰੀਕਾ ਹਰੇਕ ਤਰ੍ਹਾਂ ਦੇ ਅੱਤਵਾਦ ਦਾ ਰਲ ਕੇ ਮੁਕਾਬਲਾ ਕਰ ਰਹੇ ਹਨ। ਮੈਂ ਅੱਤਵਾਦ ਦੇ ਖ਼ਾਤਮੇ 'ਚ ਭਾਰਤ ਤੇ ਅਮਰੀਕਾ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦਾ ਮਿੱਤਰ ਹੋਣ ਲਈ ਧੰਨਵਾਦ ਕਰਦਾ ਹੈ।' ਕਾਰਟਰ ਨੇ ਹਿਊਸਟਨ 'ਚ ਕੌਂਸਲੇਟ ਜਨਰਲ ਆਫ ਇੰਡੀਆ ਨਾਲ ਆਪਣੀ ਹਾਲੀਆ ਬੈਠਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਕਾਰਟਰ ਨੇ ਕਿਹਾ, 'ਫਰਵਰੀ 'ਚ ਭਾਰਤ ਦੀ ਯਾਤਰਾ 'ਤੇ ਗਏ ਰਾਸ਼ਟਰਪਤੀ ਟਰੰਪ ਦਾ ਨਾ ਸਿਰਫ ਜ਼ੋਰਦਾਰ ਸਵਾਗਤ ਕੀਤਾ ਗਿਆ ਬਲਕਿ ਉਨ੍ਹਾਂ ਨੇ ਉਥੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਸ਼ਟਰਪਤੀ ਨੇ ਉਨ੍ਹਾਂ ਮੁੱਦਿਆਂ 'ਤੇ ਵੀ ਚਰਚਾ ਕੀਤੀ, ਜਿਸ 'ਚ ਉਹ ਪੀਐੱਮ ਮੋਦੀ ਨਾਲ ਰਲ ਕੇ ਕੰਮ ਕਰ ਰਹੇ ਹਾਂ'।