ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਭਾਰਤਵੰਸ਼ੀਆਂ ਨਾਲ ਗੱਲਬਾਤ ਕੀਤੇ ਬਿਨਾਂ ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਪੱਤਰ ਲਿਖਣ ਲਈ ਮਾਫ਼ੀ ਮੰਗੀ ਹੈ। ਜੰਮੂ-ਕਸ਼ਮੀਰ ਦੀਆਂ ਵਿਸ਼ੇਸ਼ ਵਿਵਸਥਾਵਾਂ ਨਾਲ ਜੁੜੀ ਧਾਰਾ 370 ਨੂੰ ਖ਼ਤਮ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਡੈਮੋਕ੍ਰੇਟ ਸੰਸਦ ਮੈਂਬਰ ਟਾਮ ਸੂਜੀ ਨੇ ਨੌਂ ਅਗਸਤ ਨੂੰ ਪੋਂਪੀਓ ਨੂੰ ਪੱਤਰ ਲਿਖਿਆ ਸੀ। ਇਸ ਪੱਤਰ 'ਚ ਉਨ੍ਹਾਂ ਨੇ ਭਾਰਤ ਸਰਕਾਰ ਦੇ ਫ਼ੈਸਲੇ ਨਾਲ ਕਸ਼ਮੀਰ 'ਚ ਸਮਾਜਿਕ ਅਸ਼ਾਂਤੀ ਵਧਣ ਦੀ ਸ਼ੰਕਾ ਪ੍ਰਗਟਾਈ ਸੀ।

ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੇ ਮੈਂਬਰ ਸੂਜੀ ਨੇ ਲਿਖਿਆ ਸੀ, 'ਜੰਮੂ-ਕਸ਼ਮੀਰ ਦੀ ਖ਼ੁਦਮੁਖ਼ਤਾਰੀ 'ਤੇ ਲੱਗੀਆਂ ਨਵੀਆਂ ਪਾਬੰਦੀਆਂ ਕੱਟੜਪੰਥੀ ਤੇ ਅੱਤਵਾਦੀਆਂ ਨੂੰ ਉਤਸ਼ਾਹਤ ਕਰਨ ਵਾਲੀਆਂ ਹੋ ਸਕਦੀਆਂ ਹਨ।' ਇਸ ਪੱਤਰ ਨਾਲ ਭੜਕੇ ਭਾਰਤੀ-ਅਮਰੀਕੀਆਂ ਨੇ ਸੰਸਦ ਮੈਂਬਰ ਨੂੰ ਨਾਰਾਜ਼ਗੀ ਭਰੇ ਸੰਦੇਸ਼ ਭੇਜੇ ਸਨ। ਇਸ ਤੋਂ ਬਾਅਦ ਸੂਜੀ ਨੇ ਭਾਰਤਵੰਸ਼ੀ ਭਾਈਚਾਰੇ ਨਾਲ ਬੈਠਕ ਕੀਤੀ। ਬੈਠਕ 'ਚ ਸ਼ਾਮਲ ਹੋਣ ਆਏ ਭਾਰਤੀ-ਅਮਰੀਕੀਆਂ ਨੇ ਉਨ੍ਹਾਂ ਤੋਂ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ 'ਤੇ ਸੂਜੀ ਨੇ ਕਿਹਾ, 'ਮੈਨੂੰ ਪਹਿਲਾਂ ਤੁਹਾਡੇ ਨਾਲ ਚਰਚਾ ਕਰਨੀ ਚਾਹੀਦੀ ਸੀ। ਅਜਿਹਾ ਕਰਨ ਨਾਲ ਮੈਂ ਆਪਣੀ ਚਿੰਤਾ ਸਹੀ ਤਰੀਕੇ ਨਾਲ ਪੇਸ਼ ਕਰ ਸਕਦਾ ਸੀ।' ਭਾਰਤ ਤੇ ਅਮਰੀਕਾ ਦੇ ਮਜ਼ਬੂਤ ਸਬੰਧਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਖ਼ੁਦ ਨੂੰ ਭਾਰਤ ਦੀ ਖ਼ੁਦਮੁਖ਼ਤਾਰੀ ਦਾ ਹਮਾਇਤੀ ਦੱਸਿਆ। ਕਸ਼ਮੀਰ 'ਤੇ ਆਪਣਾ ਰੁਖ਼ ਬਦਲਦੇ ਹੋਏ ਉਨ੍ਹਾਂ ਕਿਹਾ, 'ਮੌਜੂਦਾ ਸਮੇਂ 'ਚ ਕਸ਼ਮੀਰ ਦੇ ਹਾਲਾਤ ਚੁਣੌਤੀ ਭਰੇ ਹਨ। ਅਮਰੀਕਾ ਉੱਥੋਂ ਦੇ ਲੋਕਾਂ ਦੀ ਸੁਰੱਖਿਆ ਤੇ ਅਮਨ 'ਚ ਮਦਦ ਕਰੇਗਾ।' ਉਨ੍ਹਾਂ ਉਮੀਦ ਪ੍ਰਗਟਾਈ ਕਿ ਕਸ਼ਮੀਰ 'ਚ ਤਾਜ਼ਾ ਬਦਲਾਅ ਭਿ੍ਸ਼ਟਾਚਾਰ ਤੇ ਅੱਤਵਾਦ ਖ਼ਤਮ ਕਰਨ 'ਚ ਮਦਦਗਾਰ ਹੋਵੇਗਾ।