ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ (ਐੱਫਸੀਸੀ) ਨੇ ਮੰਗਲਵਾਰ ਨੂੰ ਰਸਮੀ ਤੌਰ 'ਤੇ ਚੀਨ ਦੀ ਕੰਪਨੀ ਹੁਆਵੇ ਤੇ ਜ਼ੈੱਡਟੀਈ ਕਾਰਪ ਨੂੰ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਦਿਆਂ ਇਨ੍ਹਾਂ ਨਾਲ ਕਿਸੇ ਤਰ੍ਹਾਂ ਦੇ ਕਾਰੋਬਾਰ 'ਤੇ ਪਾਬੰਦੀ ਲਾ ਦਿੱਤੀ ਹੈ। ਕਮਿਸ਼ਨ ਦੇ ਇਸ ਸਖ਼ਤ ਕਦਮ ਤੋਂ ਬਾਅਦ ਅਮਰੀਕੀ ਕੰਪਨੀਆਂ ਲਈ ਇਨ੍ਹਾਂ ਚੀਨੀ ਕੰਪਨੀਆਂ ਦੇ ਉਪਕਰਨ ਹਾਸਲ ਕਰਨੇ ਅਸੰਭਵ ਹੋ ਜਾਣਗੇ। ਅਮਰੀਕੀ ਕੰਪਨੀਆਂ ਸਰਕਾਰ ਤੋਂ ਮਿਲੇ 8.3 ਅਰਬ ਡਾਲਰ ਨਾਲ ਪੇਂਡੂ ਇਲਾਕਿਆਂ ਦੇ ਸੰਚਾਰ ਨੈੱਟਵਰਕ ਨੂੰ ਦਰੁਸਤ ਕਰਨ ਲਈ ਚੀਨੀ ਕੰਪਨੀਆਂ ਤੋਂ ਉਪਕਰਨ ਹਾਸਲ ਕਰਨ ਲਈ ਉਤਾਰੂ ਸਨ।

ਦਰਅਸਲ ਅਮਰੀਕੀ ਦੂਰਸੰਚਾਰ ਰੈਗੂਲੇਟਰ ਨੇ ਨਵੰਬਰ 'ਚ 5-0 ਦੇ ਬਹੁਮਤ 'ਚ ਕਿਹਾ ਸੀ ਕਿ ਮੌਜੂਦਾ ਪੇਂਡੂ ਸਿਸਟਮ 'ਚ ਪੁਰਾਣੇ ਉਪਕਰਨ ਬਦਲਣ ਲਈ ਉਹ ਦੋ ਚੀਨੀ ਕੰਪਨੀਆਂ ਨੂੰ ਆਗਿਆ ਨਹੀਂ ਦੇ ਸਕਦੇ। ਐੱਫਸੀਸੀ ਦੇ ਮੁਖੀ ਅਜੀਤ ਪਈ ਨੇ ਕਿਹਾ ਕਿ ਅਸੀਂ ਚੀਨੀ ਕਮਿਊਨਿਸਟ ਪਾਰਟੀ ਨੂੰ ਆਪਣੇ ਨੈੱਟਵਰਕ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਦੀ ਨਾ ਆਗਿਆ ਦੇ ਸਕਦੇ ਹਾਂ, ਨਾ ਹੀ ਦਿਆਂਗੇ। ਹੁਆਵੇ ਤੇ ਜ਼ੈੱਡਟੀਈ ਨੇ ਹਾਲੇ ਤਕ ਇਸ ਮਾਮਲੇ 'ਚ ਕੋਈ ਬਿਆਨ ਨਹੀਂ ਦਿੱਤਾ ਹਾਲਾਂਕਿ ਇਹ ਦੋਵੇਂ ਪਹਿਲਾਂ ਸਰਕਾਰ ਦੇ ਰਵੱਈਏ ਦੀ ਆਲੋਚਨਾ ਕਰਦੀਆਂ ਰਹੀਆਂ ਹਨ।

ਐੱਫਸੀਸੀ ਦੇ ਕਮਿਸ਼ਨ ਜੈਫਰੀ ਸਟਾਕਰਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਨੈੱਟਵਰਕ 'ਚ ਗ਼ੈਰ ਭਰੋਸੇਯੋਗ ਉਪਕਰਨ ਕਾਇਮ ਹਨ। ਇਨ੍ਹਾਂ ਨੂੰ ਹਟਾਉਣ ਲਈ ਅਮਰੀਕੀ ਕਾਂਗਰਸ ਨੂੰ ਪੈਸੇ ਅਲਾਟ ਕਰਨੇ ਚਾਹੀਦੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ 2019 'ਚ ਇਕ ਕਾਰਜਕਾਰੀ ਹੁਕਮ 'ਚ ਦੋਵੇਂ ਚੀਨੀ ਕੰਪਨੀਆਂ ਦੇ ਬਣਾਏ ਉਪਕਰਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਅਮਰੀਕੀ ਕੰਪਨੀਆਂ ਤੋਂ ਉਪਕਰਨ ਖ਼ਰੀਦਣ 'ਤੇ ਰੋਕ ਲਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਨੇ ਉਸ ਸਾਲ ਹੁਆਵੇ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਸੀ।