ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ ਪ੍ਰਤੀਬੱਧ ਹੈ। ਇਹੀ ਕਾਰਨ ਹੈ ਕਿ ਅਮਰੀਕਾ ਨੇ ਹੁਣ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ ਇਸ ਸਾਲ 20 ਅਰਬ ਡਾਲਰ (ਕਰੀਬ ਇਕ ਲੱਖ 45 ਹਜ਼ਾਰ ਕਰੋੜ ਰੁਪਏ) ਕਰ ਦਿੱਤਾ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਹੈ ਕਿ ਇਹ ਸਾਡੀ ਭਾਰਤ ਨਾਲ ਆਲਮੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨਾਲ ਰੱਖਿਆ ਸੌਦਿਆਂ ਦੀ ਅਮਰੀਕਾ ਸਮੀਖਿਆ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਨਹੀਂ ਚੱਲ ਰਹੀ ਹੈ। ਹਾਲ ਹੀ ਵਿਚ ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਫ਼ੌਜੀ ਅਤੇ ਸੁਰੱਖਿਆ ਸਬੰਧੀ ੋਦੋਪੱਖੀ ਸਬੰਧ ਪਹਿਲਾਂ ਦੀ ਤੁਲਨਾ ਵਿਚ ਹੋਰ ਜ਼ਿਆਦਾ ਮਜ਼ਬੂਤ ਹੋਏ ਹਨ। ਅਮਰੀਕਾ ਦਾ ਭਾਰਤ ਨੂੰ ਪ੍ਰਮੁੱਖ ਰੱਖਿਆ ਭਾਈਵਾਲ ਦਾ ਦਰਜਾ ਦੇਣਾ ਅਤੇ ਰਣਨੀਤਕ ਵਪਾਰ ਆਥਰਾਈਜੇਸ਼ਨ 1 ਦੀ ਸ਼੍ਰੇਣੀ ਵਿਚ ਰੱਖਣਾ ਮਹੱਤਵਪੂਰਣ ਹੈ। ਇਸ ਦੇ ਨਾਲ ਹੀ ਭਾਰਤ ਨਾਲ ਚਾਰ ਵੱਡੇ ਸਮਝੌਤਿਆਂ 'ਤੇ ਦਸਤਖ਼ਤ ਨਾਲ ਪਰਸਪਰ ਦੋਵਾਂ ਫ਼ੌਜਾਂ ਦੇ ਆਪਸੀ ਸਹਿਯੋਗ ਨੂੰ ਹੋਰ ਜ਼ਿਆਦਾ ਬੜ੍ਹਾਵਾ ਮਿਲੇਗਾ।