ਅਮਰੀਕਾ 'ਚ ਸੈਂਟਰ ਆਫ ਡਿਜ਼ੀਜ਼ ਕੰਟਰੋਲ (CDC) ਤੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ 'ਤੇ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਦੀ ਵਜ੍ਹਾ ਹੈ ਕਿ ਯੂਐੱਸ ਵਿਚ ਇਸ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਬਲੱਡ ਕਲਾਟਿੰਗ ਦੇ 6 ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲੇ ਕਾਫੀ ਗੰਭੀਰ ਤੇ ਦੁਰਲੱਭ ਕਿਸਮ ਦੇ ਹਨ।

ਯੂਐੱਸ 'ਚ ਜੌਨਸਨ ਐਂਡ ਜੌਨਸਨ ਵੈਕਸੀਨ ਦੇ 68 ਲੱਖ ਡੋਜ਼ ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਮਰੀਜ਼ਾਂ 'ਚ ਬਲੱਡ ਕਲਾਟਿੰਗ ਦੀ ਸ਼ਿਕਾਇਤ ਮਿਲੀ ਹੈ, ਉਹ ਸਾਰੀਆਂ ਔਰਤਾਂ ਹਨ ਤੇ ਉਨ੍ਹਾਂ ਦੀ ਉਮਰ 18 ਤੋਂ 38 ਸਾਲ ਦੇ ਵਿਚਕਾਰ ਹੈ। ਇਸ ਵਿਚ ਵੈਕਸੀਨ ਦੇਣ ਦੇ 6 ਤੋਂ 13 ਦਿਨਾਂ ਦੇ ਅੰਦਰ ਇਹ ਲੱਛਣ ਵਿਕਸਤ ਹੋਏ। CDC ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਬੈਠਕ ਬੁਲਾਈ ਹੈ ਜਿਸ ਵਿਚ ਟੀਕੇ ਦੇ ਅੱਗੇ ਇਸਤੇਮਾਲ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਵਿਚਾਰ ਕੀਤਾ ਜਾਵੇਗਾ।

ਇਸ ਵੇਲੇ ਅਮਰੀਕਾ 'ਚ ਮੌਡਰਨਾ (Moderna), ਫਾਈਜ਼ਰ (Pfizer) ਦੇ ਨਾਲ ਸਿਰਫ਼ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਅਪਰੂਵਲ ਮਿਲਿਆ ਹੋਇਆ ਹੈ। ਯੂਰਪੀ ਸੰਘ 'ਚ ਇਨ੍ਹਾਂ ਤਿੰਨ ਤੋਂ ਇਲਾਵਾ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਅਪਰੂਵਲ ਦਿੱਤਾ ਗਿਆ ਹੈ। ਭਾਰਤ ਸਰਕਾਰ ਬਾਕੀ ਤਿੰਨਾਂ ਦੇ ਨਾਲ ਜੌਨਸਨ ਐਂਡ ਜੌਨਸਨ (Johanson & Johanson) ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਖ਼ਬਰ ਤੋਂ ਬਾਅਦ ਆਪਣੇ ਦੇਸ਼ ਦੀ ਸਰਕਾਰ ਨੂੰ ਵੀ ਸੁਚੇਤ ਹੋਣਾ ਪਵੇਗਾ।

ਇਸ ਤੋਂ ਪਹਿਲਾਂ ਕੁਝ ਦੇਸ਼ਾਂ ਵਿਚ ਐਸਟ੍ਰਾਜ਼ੈਨੇਕਾ ਟੀਕਾ ਲਗਾਉਣ ਨਾਲ ਖ਼ੂਨ ਦੇ ਥੱਕੇ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਪਹਿਲਾਂ ਬ੍ਰਿਟੇਨ 'ਚ ਐਸਟ੍ਰਾਜ਼ੈਨੇਕਾ ਟੀਕਾ ਲਗਾਉਣ ਨਾਲ ਖ਼ੂਨ ਦੇ ਥੱਕੇ ਜੰਮਣ ਦੇ ਮਾਮਲੇ ਸਾਹਮਣੇ ਆਏ ਸਨ। ਉਸ ਤੋਂ ਬਾਅਦ ਨਾਰਵੇ 'ਚ ਵੀ ਟੀਕਾ ਲਗਾਉਣ ਤੋਂ ਬਾਅਦ ਇਸੇ ਤਰ੍ਹਾਂ ਦੀ ਸ਼ਿਕਾਇਤ ਮਿਲੀ। ਇਸ ਤੋਂ ਬਾਅਦ ਭਾਰਤ 'ਚ ਉਸ ਟੀਕੇ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਤੇ ਇੱਥੇ ਹੁਣ ਤਕ ਟੀਕਾ ਲੱਗਣ ਨਾਲ ਖ਼ੂਨ ਦਾ ਥੱਕਾ ਜੰਮਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

Posted By: Seema Anand