ਨਿਊਯਾਰਕ (ਆਈਏਐੱਨਐੱਸ) : ਅਮਰੀਕੀ ਅਧਿਕਾਰੀਆਂ ਨੇ ਡਰੱਗ ਦਾ ਪ੍ਰਸਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤ ਤੋਂ ਆਪਿਆਇਡ ਦੀਆਂ ਗੋਲ਼ੀਆਂ (ਨਸ਼ੀਲਾ ਪਦਾਰਥ ਜਿਸ ਦੀ ਵਰਤੋਂ ਦਰਦ ਨਿਵਾਰਕ ਦੇ ਰੂਪ 'ਚ ਹੁੰਦੀ ਹੈ) ਦਰਾਮਦ ਕਰਦਾ ਸੀ। ਇਸ ਮਾਮਲੇ 'ਚ ਵੀਰਵਾਰ ਸਵੇਰੇ ਗਿ੍ਫ਼ਤਾਰ ਕੀਤੇ ਅੱਠ ਲੋਕ ਭਾਰਤੀ ਮੂਲ ਦੇ ਹਨ ਤੇ ਨਿਊ ਨਿਊਯਾਰਕ ਸਿਟੀ ਜਾਂ ਉਪਨਗਰੀ ਖੇਤਰ 'ਚ ਰਹਿੰਦੇ ਹਨ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਗ਼ੈਰਕਾਨੂੰਨੀ ਪਛਾਣ ਤੇ ਪ੍ਰਕਿਰਤੀ ਲੁਕਾਉਣ ਲਈ ਆਪਿਆਇਡ 'ਤੇ ਭਾਰਤ 'ਚ ਗ਼ਲਤ ਲੇਬਲ ਲਗਾਇਆ ਗਿਆ। ਬਾਅਦ 'ਚ ਉਸ ਨੂੰ ਗਿਰੋਹ ਵੱਲੋਂ ਅਮਰੀਕੀ ਖ਼ਪਤਕਾਰਾਂ ਨੂੰ ਡਾਕ ਰਾਹੀਂ ਭੇਜਿਆ ਗਿਆ। ਭਾਰਤੀ ਡਿਸਟ੍ਰੀਬਿਊਟਰਾਂ ਨੇ ਅਮਰੀਕਾ 'ਚ ਵਿਅਕਤੀਆਂ ਤੇ ਅਦਾਰਿਆਂ ਤਕ ਡਰੱਗ ਪਹੁੰਚਾਉਣ ਲਈ ਡਾਕ ਜਾਂ ਪ੍ਰੋਫੈਸ਼ਨਲ ਕੋਰੀਅਰ ਦਾ ਸਹਾਰਾ ਲਿਆ। ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਰਤ ਤੋਂ ਡਰੱਗ ਭੇਜਣ ਵਾਲਾ ਕੌਣ ਹੈ।

ਗਿਰੋਹ ਦੇ ਲੋਕਾਂ ਨੇ ਇਕ ਸਾਲ 'ਚ ਹਜ਼ਾਰਾਂ ਗੋਲ਼ੀਆਂ ਦੀ ਡਿਸਟ੍ਰੀਬਿਊਸ਼ਨ ਕਰਨ ਲਈ ਕਾਲੇ ਬਾਜ਼ਾਰ 'ਚ ਵੀ ਹਿੱਸਾ ਲਿਆ। ਆਪਿਆਇਡ ਮਹਾਮਾਰੀ ਇਕ ਰਾਸ਼ਟਰੀ ਤ੍ਰਾਸਦੀ ਬਣ ਚੁੱਕੀ ਹੈ। 2017 'ਚ ਓਵਰਡੋਜ਼ ਕਾਰਨ 47,600 ਲੋਕਾਂ ਦੀ ਜਾਨ ਗਈ। ਗਿ੍ਫ਼ਤਾਰ ਕੀਤੇ ਗਏ ਲੋਕਾਂ ਨੇ ਏਿਝਲ ਸੇਿਝਆਨ ਕਮਲਡੋਸ, ਹਰਪ੍ਰੀਤ ਸਿੰਘ, ਪਾਰਥੀਬਾਨ ਨਾਰਾਇਣਸਾਮੀ, ਬਲਜੀਤ ਸਿੰਘ, ਦੀਪਕ ਮਨਚੰਦਾ, ਗ਼ੁਲਾਬ ਗ਼ੁਲਾਬ, ਮੁਕੁਲ ਚੁਘ ਤੇ ਵਿਕਾਸ ਐੱਮ ਵਰਮਾ ਸ਼ਾਮਲ ਹਨ। ਕਮਲਡੋਸ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ।