ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਅਫ਼ਗਾਨਿਸਤਾਨ ਵਿਚ ਕਾਬੁਲ ਅਤੇ ਨੰਗਰਹਾਰ 'ਤੇ ਹੋਏ ਅੱਤਵਾਦੀ ਹਮਲਿਆਂ ਵਿਚ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਨ੍ਹਾਂ ਹਮਲਿਆਂ ਵਿਚ 44 ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਨਰਸਾਂ ਸਣੇ ਸਿਹਤ ਕਰਮਚਾਰੀ ਸ਼ਾਮਲ ਸਨ।


ਅੱਤਵਾਦੀਆਂ ਨੇ ਮੰਗਲਵਾਰ ਨੂੰ ਕਾਬੁਲ ਦੇ ਮੈਟਰਨਿਟੀ ਹਸਪਤਾਲ 'ਤੇ ਹਮਲਾ ਕੀਤਾ ਸੀ ਜਿਸ ਵਿਚ ਦੋ ਨਵਜੰਮੇ ਬੱਚਿਆਂ ਅਤੇ ਨਰਸਾਂ ਸਣੇ 20 ਸ਼ਹਿਰੀ ਮਾਰੇ ਗਏ ਸਨ। ਇਸੇ ਦਿਨ ਨੰਗਰਹਾਰ ਸੂਬੇ ਵਿਚ ਇਕ ਜਨਾਜ਼ੇ 'ਤੇ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿਚ 24 ਲੋਕ ਮਾਰੇ ਗਏ ਸਨ ਜਦਕਿ 68 ਹੋਰ ਜ਼ਖ਼ਮੀ ਹੋ ਗਏ ਸਨ। ਨੰਗਰਹਾਰ ਇਲਾਕੇ ਵਿਚ ਇਸਲਾਮਿਕ ਸਟੇਟ (ਆਈਐੱਸ) ਦਾ ਦਬਦਬਾ ਹੈ।


ਸੁਰੱਖਿਆ ਕੌਂਸਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਅੱਤਵਾਦ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੈ। ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹਮਲਾ ਕਰ ਕੇ ਬੱਚਿਆਂ, ਅੌਰਤਾਂ ਅਤੇ ਨਰਸਾਂ ਸਣੇ ਸਿਹਤ ਕਰਮਚਾਰੀਆਂ ਨੂੰ ਮਾਰਨਾ ਮਨੁੱਖਤਾ ਖ਼ਿਲਾਫ਼ ਅਪਰਾਧ ਹੈ ਇਸ ਦੀ ਸਖ਼ਤ ਆਲੋਚਨਾ ਹੋਣੀ ਹੀ ਚਾਹੀਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰਮਜ਼ਾਨ ਵਰਗੇ ਪਵਿੱਤਰ ਮਹੀਨੇ ਵਿਚ ਇਸ ਤਰ੍ਹਾਂ ਦੇ ਹਮਲੇ ਨਿੰਦਣਯੋਗ ਕਾਰਵਾਈ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਹਮਲਿਆਂ ਦੇ ਦੋਸ਼ੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਗੁਤਰਸ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ ਤੇ ਅਜਿਹੇ ਸਮੇਂ ਹਰ ਪਾਸੇ ਜੰਗਬੰਦੀ ਹੋਣੀ ਚਾਹੀਦੀ ਹੈ।

Posted By: Rajnish Kaur