ਸੰਯੁਕਤ ਰਾਸ਼ਟਰ, ਏਪੀ : ਸੰਯੁਕਤ ਰਾਸ਼ਟਰ (ਯੂੁਐੱਨ) ਰਿਪੋਰਟ ਤੋਂ ਇਹ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਾਈਬਰ ਅਪਰਾਧ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਵਾਧਾ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ ਕਈਆਂ ਰਾਹੀਂ ਹਸਪਤਾਲਾਂ ਅਤੇ ਹੈਲਥ ਕੇਅਰ ਸਿਸਟਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਮਾਮਲਿਆਂ ਦੇ ਮੁਖੀ ਵਲਾਦੀਮੀਰ ਵੋਰੋਂਕੋਵ ਨੇ ਵੀਰਵਾਰ ਨੂੰ ਸੁਰੱਖਿਆ ਪ੍ਰਰੀਸ਼ਦ ਨੂੰ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ਵਿਚ ਸਾਈਬਰ ਅਪਰਾਧਾਂ ਵਿਚ ਜ਼ਿਕਰਯੋਗ ਵਾਧੇ ਤਹਿਤ ਫਿਸ਼ਿੰਗ ਸਾਈਟਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਦੁਨੀਆ ਭਰ ਦੇ ਮਾਹਿਰ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਖ਼ਾਸ ਤੌਰ 'ਤੇ ਸੰਗਠਿਤ ਅਪਰਾਧ ਅਤੇ ਅੱਤਵਾਦ 'ਤੇ ਮਹਾਮਾਰੀ ਦੇ ਪੈਣ ਵਾਲੇ ਪ੍ਰਭਾਵ ਅਤੇ ਨਤੀਜੇ ਨੂੰ ਅਜੇ ਤਕ ਪੂਰੀ ਤਰ੍ਹਾਂ ਸਮਝ ਨਹੀਂ ਪਾਏ ਹਨ।

ਵੋਰੋਂਕੋਵ ਨੇ ਕਿਹਾ ਕਿ ਅਸੀਂ ਇਹ ਜਾਣਦੇ ਹਾਂ ਕਿ ਅੱਤਵਾਦੀ ਕੋਰੋਨਾ ਮਹਾਮਾਰੀ ਦੀ ਆੜ ਵਿਚ ਡਰ, ਨਫ਼ਰਤ ਅਤੇ ਵੱਖਵਾਦ ਫੈਲਾਉਣ ਦੇ ਨਾਲ ਹੀ ਨਵੇਂ ਅੱਤਵਾਦੀਆਂ ਦੀ ਭਰਤੀ ਵੀ ਕਰ ਰਹੇ ਹਨ। ਇਹੀ ਨਹੀਂ ਮਹਾਮਾਰੀ ਦੌਰਾਨ ਇੰਟਰਨੈੱਟ ਦੀ ਵਰਤੋਂ ਵੱਧਣ ਦੇ ਨਾਲ ਹੀ ਸਾਈਬਰ ਅਪਰਾਧ ਵੀ ਵਧੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਇਸ ਸਮੇਂ ਕੋਰੋਨਾ ਕਾਰਨ ਪੈਦਾ ਹੋਈ ਹੈਲਥ ਐਮਰਜੈਂਸੀ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਅਜਿਹੇ ਔਖੇ ਹਾਲਾਤ ਵਿਚ ਇਨ੍ਹਾਂ ਦੇਸ਼ਾਂ ਨੂੰ ਅੱਤਵਾਦ ਦੇ ਖ਼ਤਰੇ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਲਈ ਚੌਕਸ ਰਹਿਣ ਦੀ ਲੋੜ ਹੈ।

ਕੀ ਹੈ ਫਿਸ਼ਿੰਗ ਵੈੱਬਸਾਈਟ

ਜਿਸ ਤਰ੍ਹਾਂ ਮੱਛੀ ਫੜਨ ਲਈ ਕਾਂਟੇ ਵਿਚ ਚਾਰਾ ਲਗਾ ਕੇ ਪਾਇਆ ਜਾਂਦਾ ਹੈ ਅਤੇ ਉਸ ਵਿਚ ਮੱਛੀ ਫੱਸ ਜਾਂਦੀ ਹੈ। ਉਸੇ ਤਰ੍ਹਾਂ ਫਿਸ਼ਿੰਗ ਨੂੰ ਹੈਕਰਸ ਵੱਲੋਂ ਇੰਟਰਨੈੱਟ 'ਤੇ ਫ਼ਰਜ਼ੀ ਵੈੱਬਸਾਈਟ ਜਾਂ ਈਮੇਲ ਦੇ ਮਾਧਿਅਮ ਨਾਲ ਯੂਜ਼ਰਸ ਦੇ ਨਾਲ ਕੀਤੀ ਗਈ ਧੋਖਾਧੜੀ ਨੂੰ ਕਹਿੰਦੇ ਹਨ। ਇਸ ਤਰੀਕੇ ਨਾਲ ਨਿੱਜੀ ਜਾਣਕਾਰੀ ਚੋਰੀ ਕਰ ਲਈ ਜਾਂਦੀ ਹੈ ਅਤੇ ਉਸ ਦੀ ਗ਼ਲਤ ਵਰਤੋਂ ਕੀਤੀ ਜਾਂਦੀ ਹੈ।