ਸੰਯੁਕਤ ਰਾਸ਼ਟਰ, ਆਈਏਐੱਨਐੱਸ : ਮੁਸਲਮਾਨਾਂ ਦੇ ਪ੍ਰਸਿੱਧ ਤਿਉਹਾਰ ਈਦ ਨੂੰ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਈਦ ਦੇ ਮੌਕੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਂਟੋਨੀਓ ਗੁਤਰਸ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਆਪਣੇ ਸੰਦੇਸ਼ 'ਚ ਕੋਵਿਡ-19 ਮਹਾਮਾਰੀ ਦੇ ਸੰਦਰਭ 'ਚ ਲੋਕਾਂ ਨੂੰ ਇਕਜੁੱਟਤਾ ਤੇ ਏਕਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਮੈਂਬਰ ਦੇਸ਼ਾਂ ਦੇ ਨਾਲ ਇਕ ਚਰਚਾ ਦੌਰਾਨ ਕਿਹਾ, 'ਸਾਡੀ ਦੁਨੀਆ ਇਕ ਸਰੀਰ ਦੀ ਤਰ੍ਹਾਂ ਹੈ। ਜਦੋਂ ਤਕ ਇਸ ਵਾਇਰਸ ਨਾਲ ਇਕ ਹਿੱਸਾ ਪ੍ਰਭਾਵਿਤ ਹੁੰਦਾ ਹੈ, ਅਸੀਂ ਸਾਰੇ ਪ੍ਰਭਾਵਿਤ ਹੁੰਦੇ ਹਾਂ। ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਇਕਜੁੱਟਤਾ ਤੇ ਏਕਤਾ ਸਾਡੇ ਪ੍ਰਮੁੱਖ ਸਿਧਾਂਤ ਹੋਣੇ ਚਾਹੀਦੇ ਹਨ।'

ਉਨ੍ਹਾਂ ਸੰਕਟ ਦੇ ਵਿਨਾਸ਼ਕਾਰੀ ਸਾਮਾਜਿਕ-ਆਰਥਿਕ ਆਯਾਮਾਂ ਨਾਲ ਨਿਜੱਠਣ 'ਚ ਇਕਜੁੱਟਤਾ ਦਾ ਸੱਦਾ ਦਿੱਤਾ ਤੇ ਇਸ ਦੌਰ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਔਰਤਾਂ, ਬਜ਼ੁਰਗਾਂ, ਘੱਟ ਤਨਖ਼ਾਹ ਵਾਲਿਆਂ ਤੇ ਹੋਰ ਯੋਗ ਸਮੂਹਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।

ਗੁਤਰਸ ਨੇ ਜਾਤੀ-ਰਾਸ਼ਟਰਵਾਦ, ਕਿਸੇ ਭਾਈਚਾਰੇ ਵਿਸ਼ੇਸ਼ ਨੂੰ ਟਾਰਗੈੱਟ ਕਰਨ ਵਾਲੇ ਭਾਸ਼ਣਾਂ ਖ਼ਿਲਾਫ਼ ਇਕਜੁੱਟਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ, 'ਜਿਵੇਂ ਕਿ ਈਦ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਮਨਾਉਂਦੇ ਹਨ, ਸਾਨੂੰ ਰਮਜ਼ਾਨ ਰਾਹੀਂ ਏਕਤਾ ਤੇ ਇਕਜੁੱਟਦਾ ਦੇ ਆਪਸੀ ਸਨਮਾਨ ਤੇ ਸਮਝ ਦੇ ਨਾਲ, ਦਯਾ ਤੇ ਕਰੁਣਾ ਦਾ ਪਾਠ ਸਿੱਖਣਾ ਚਾਹੀਦਾ ਹੈ। ਆਓ ਅਸੀਂ ਸਭ ਤੋਂ ਉੱਪਰ ਇਸ ਗੱਲ ਨੂੰ ਪਛਾਣੀਏ ਕਿ ਅਸੀਂ ਇਕ ਸਰੀਰ, ਇਕ ਦੁਨੀਆ ਤੇ ਇਕ ਸੰਯੁਕਤ ਰਾਸ਼ਟਰ ਹਾਂ।'

Posted By: Seema Anand