ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਨੇ ਇਕ ਵਾਰ ਫਿਰ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦਾ ਵਾਰਿਸ ਚੁਣਨ ਦੇ ਚੀਨ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸਣੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਦਲਾਈ ਲਾਮਾ ਦੇ ਵਾਰਿਸ ਦੀ ਚੋਣ ਦੇ ਮੁੱਦੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਚੀਨ ਇਹ ਹਮੇਸ਼ਾ ਕਹਿੰਦਾ ਹੈ ਕਿ ਉਹ ਤੈਅ ਕਰੇਗਾ ਕਿ ਦਲਾਈ ਲਾਮਾ ਦਾ ਵਾਰਿਸ ਕੌਣ ਹੋਵੇਗਾ।

ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ 'ਤੇ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਸੈਮੁਅਲ ਬਰਾਊਨਬੈਕ ਨੇ ਇਥੇ ਪ੍ਰਰੈੱਸ ਕਾਨਫਰੰਸ ਵਿਚ ਕਿਹਾ ਕਿ ਕਈ ਲੋਕ ਅਜਿਹੇ ਹਨ ਜੋ ਚੀਨ ਵਿਚ ਨਹੀਂ ਰਹਿੰਦੇ ਪ੍ਰੰਤੂ ਦਲਾਈ ਲਾਮਾ ਦੇ ਸ਼ਰਧਾਲੂ ਹਨ। ਉਹ ਵਿਸ਼ਵ ਭਰ ਦੇ ਇਕ ਉੱਘੇ ਧਾਰਮਿਕ ਆਗੂ ਹਨ, ਉਹ ਸਨਮਾਨ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੇ ਵਾਰਿਸ ਨੂੰ ਚੁਣਨ ਦੀ ਪ੍ਰਕਿਰਿਆ ਉਨ੍ਹਾਂ 'ਤੇ ਵਿਸ਼ਵਾਸ ਕਰਨ ਵਾਲੇ ਭਾਈਚਾਰੇ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ।

ਬਰਾਊਨਬੈਕ ਨੇ ਇਸ 'ਤੇ ਚੀਨ ਦੇ ਦਾਅਵੇ ਨੂੰ ਨਾਮਨਜ਼ੂਰ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਸੰਸਥਾਵਾਂ 'ਚ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਮਰੀਕਾ ਦਬਾਅ ਬਣਾਏਗਾ। ਬਰਾਊਨਬੈਕ ਪਿਛਲੇ ਦਿਨੀਂ ਧਰਮਸ਼ਾਲਾ ਆਏ ਸਨ ਅਤੇ ਤਿੱਬਤੀ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ ਸੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਉਨ੍ਹਾਂ ਦੇ ਵਾਰਿਸ ਦੇ ਮੁੱਦੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਵੀ ਇਸ ਬਾਰੇ ਵਿਚ ਸੋਚਣਾ ਚਾਹੀਦਾ ਹੈ। ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਇਸ 'ਤੇ ਸੋਚਣਾ ਚਾਹੀਦਾ ਹੈ।

ਬਰਾਊਨਬੈਕ ਨੇ ਕਿਹਾ ਕਿ ਦਲਾਈ ਲਾਮਾ ਦੇ ਵਾਰਿਸ ਨੂੰ ਚੁਣਨ ਦਾ ਅਧਿਕਾਰ ਤਿੱਬਤ ਦੇ ਬੋਧ ਭਿਕਸ਼ੂਆਂ ਦਾ ਹੈ, ਚਾਈਨੀਜ਼ ਕਮਿਊਨਿਸਟ ਪਾਰਟੀ ਜਾਂ ਕਿਸੇ ਸਰਕਾਰ ਦਾ ਨਹੀਂ। ਉਨ੍ਹਾਂ ਕਿਹਾ ਕਿ ਇਹ ਤਾਂ ਅਜਿਹਾ ਹੋਵੇਗਾ ਕਿ ਚਾਈਨੀਜ਼ ਕਮਿਊਨਿਸਟ ਪਾਰਟੀ ਕਹੇ ਕਿ ਅਗਲੇ ਪੋਪ ਦੇ ਬਾਰੇ ਵਿਚ ਫ਼ੈਸਲਾ ਲੈਣ ਦਾ ਅਧਿਕਾਰ ਉਸ ਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਸਰਕਾਰ ਨੇ ਵਾਰ-ਵਾਰ ਇਹ ਕਿਹਾ ਹੈ ਕਿ ਇਹ ਉਸ ਦਾ ਅਧਿਕਾਰ ਹੈ। ਤੁਸੀਂ ਯਾਦ ਕਰੋ ਕਿ ਉਨ੍ਹਾਂ ਨੇ ਪੰਚਮ ਲਾਮਾ ਨੂੰ ਅਗ਼ਵਾ ਕਰ ਲਿਆ ਸੀ...ਹੁਣ ਸਾਨੂੰ ਇਹ ਪਤਾ ਨਹੀਂ ਹੈ ਕਿ ਉਹ ਜ਼ਿੰਦਾ ਹਨ ਜਾਂ ਨਹੀਂ। ਹੁਣ ਚੀਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਵਾਰਿਸ ਦੀ ਚੋਣ ਉਸ ਦੇ ਰਾਹੀਂ ਹੋਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਤਿੱਬਤ ਵਿਚ ਚੀਨੀ ਅੱਤਿਆਚਾਰ ਪਿੱਛੋਂ ਦਲਾਈ ਲਾਮਾ 1959 ਵਿਚ ਭੱਜ ਕੇ ਭਾਰਤ ਆ ਗਏ ਸਨ। ਭਾਰਤ ਨੇ ਉਨ੍ਹਾਂ ਨੂੰ ਸਿਆਸੀ ਸ਼ਰਨ ਦਿੱਤੀ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਉਨ੍ਹਾਂ ਦਾ ਹੈੱਡਕੁਆਰਟਰ ਹੈ। ਹੁਣ ਦਲਾਈ ਲਾਮਾ 84 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਵਾਰਿਸ ਦੀ ਚੋਣ ਦਾ ਮਾਮਲਾ ਜ਼ੋਰ ਫੜ ਗਿਆ ਹੈ।

ਦਲਾਈ ਲਾਮਾ ਦਾ ਅਵਤਾਰ ਧਾਰਮਿਕ ਆਜ਼ਾਦੀ ਦਾ ਮਸਲਾ

ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਪ੍ਰਧਾਨ ਲੋਬਸੰਗ ਸੰਗੇਯ ਨੇ ਕਿਹਾ ਹੈ ਕਿ ਦਲਾਈ ਲਾਮਾ ਦਾ ਅਵਤਾਰ ਕੌਣ ਹੈ ਇਹ ਤੈਅ ਕਰਨ ਦਾ ਹੱਕ ਪੂਰੀ ਤਰ੍ਹਾਂ ਨਾਲ ਤਿੱਬਤ ਦੇ ਲੋਕਾਂ ਨੂੰ ਹੈ। ਤਿੱਬਤ ਦੇ ਲੋਕਾਂ ਨੂੰ ਇਸ ਵਿਚ ਚੀਨ ਦਾ ਦਖ਼ਲ ਮਨਜ਼ੂਰ ਨਹੀਂ ਹੋਵੇਗਾ। ਸੰਗੇਯ ਨੇ ਕਿਹਾ ਕਿ ਦਲਾਈ ਲਾਮਾ ਦੇ ਅਵਤਾਰ ਦੀ ਧਾਰਨਾ ਤਿੱਬਤ ਦੇ ਲੋਕਾਂ ਨੇ ਅੱਠ ਸੌ ਸਾਲ ਪਹਿਲੇ ਤੈਅ ਕਰ ਦਿੱਤੀ ਸੀ। ਇਸ 'ਤੇ ਸਾਡਾ ਵੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਚੀਨ ਨਕਲੀ ਸਾਮਾਨ ਬਣਾਉਣ ਦੀ ਵੱਡੀ ਫੈਕਟਰੀ ਹੈ ਪ੍ਰੰਤੂ ਜਿਥੋਂ ਤਕ ਅਵਤਾਰ ਦੀ ਗੱਲ ਹੈ ਉਸ ਕੋਲ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਇਸ ਦਾ ਨਿਰਧਾਰਣ ਚਾਰ ਹਜ਼ਾਰ ਮੀਟਰ ਦੀ ਉੱਚਾਈ 'ਤੇ ਪਵਿੱਤਰ ਪਹਾੜਾਂ ਅਤੇ ਨਦੀਆਂ ਦੇ ਵਿਚਕਾਰ ਹੋ ਚੁੱਕਾ ਹੈ।