ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਦੇਸ਼ ਦੇ ਦੋ ਮੁੱਖ ਪ੍ਰਸ਼ਾਸਨਿਕ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਐਲਾਨ ਕੀਤਾ, ਜਿਨ੍ਹਾਂ 'ਚ ਇਕ ਸਿਖਰਲਾ ਵਕੀਲ ਤੇ ਇਕ ਕਾਰਜਕਾਰੀ ਅਧਿਕਾਰੀ ਹੈ। ਬਾਇਡਨ ਦੇ ਇਸ ਫ਼ੈਸਲੇ ਨੂੰ ਮੀਰਾ ਜੋਸ਼ੀ ਤੇ ਰਾਧਿਕਾ ਫਾਕਸ ਦੀ ਪਦਉੱਨਤੀ ਵਜੋਂ ਦੇਖਿਆ ਜਾ ਰਿਹਾ ਹੈ, ਜੋ 20 ਜਨਵਰੀ ਨੂੰ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਸੰਭਾਲਣ ਤੋਂ ਪਹਿਲੇ ਦਿਨ ਹੀ ਪ੍ਰਸ਼ਾਸਨ 'ਚ ਸ਼ਾਮਲ ਹੋ ਗਈ ਸੀ।

ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਜੋਸ਼ੀ ਨੂੰ ਆਵਾਜਾਈ ਵਿਭਾਗ 'ਚ ਸੰਘੀ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਫਾਕਸ ਨੂੰ ਜਲ, ਵਾਤਾਵਰਨ ਸੁਰੱਖਿਆ ਏਜੰਸੀ ਦੇ ਸਹਾਇਕ ਪ੍ਰਸ਼ਾਸਕ ਲਈ ਨਾਮਜ਼ਦ ਕੀਤਾ ਗਿਆ ਹੈ। ਜੋਸ਼ੀ ਨੂੰ ਇਸ ਸਾਲ 20 ਜਨਵਰੀ ਨੂੰ ਸੰਘੀ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਉਪ ਪ੍ਰਸ਼ਾਸਕ ਤੇ ਸੀਨੀਅਰ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸੇ ਦਿਨ, ਬਾਇਡਨ ਨੇ ਜਲ, ਵਾਤਾਵਰਨ ਸੁਰੱਖਿਆ ਏਜੰਸੀ ਲਈ ਪ੍ਰਧਾਨ ਉਪ ਸਹਾਇਕ ਪ੍ਰਸ਼ਾਸਕ ਦੇ ਅਹੁਦੇ 'ਤੇ ਫਾਕਸ ਨੂੰ ਨਿਯੁਕਤ ਕੀਤਾ ਸੀ।

Posted By: Ravneet Kaur