ਪੀਟੀਆਈ,ਨਿਊਯਾਰਕ : ਭਾਰਤੀ ਮੂਲ ਦੀਆਂ ਦੋ ਅੌਰਤਾਂ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਕ੍ਰਿਮੀਨਲ ਅਤੇ ਸਿਵਲ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਜੱਜ ਅਰਚਨਾ ਰਾਓ ਦੀ ਕ੍ਰਿਮੀਨਲ ਕੋਰਟ ਅਤੇ ਜੱਜ ਦੀਪਾ ਅੰਬੇਕਰ ਦੀ ਸਿਵਲ ਕੋਰਟ 'ਚ ਦੁਬਾਰਾ ਨਿਯੁਕਤੀ ਹੋਈ ਹੈ। ਇਨ੍ਹਾਂ ਦੀ ਨਿਯੁਕਤੀ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਕੀਤੀ ਹੈ।

ਅਰਚਨਾ ਰਾਓ ਨੂੰ ਜਨਵਰੀ, 2019 ਵਿਚ ਸਿਵਲ ਕੋਰਟ 'ਚ ਕਾਰਜਕਾਰੀ ਜੱਜ ਨਿਯੁਕਤ ਕੀਤਾ ਗਿਆ ਸੀ। ਉਹ ਅਜੇ ਕ੍ਰਿਮੀਨਲ ਕੋਰਟ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲੇ ਉਨ੍ਹਾਂ ਨੇ ਕਰੀਬ 17 ਸਾਲ ਤਕ ਨਿਊਯਾਰਕ ਕਾਊਂਟੀ ਡਿਸਟਿ੍ਕਟ ਅਟਾਰਨੀ ਦੇ ਦਫ਼ਤਰ 'ਚ ਕੰਮ ਕੀਤਾ ਸੀ। ਅਰਚਨਾ ਨੇ ਵਾਸਰ ਕਾਲਜ ਤੋਂ ਬੀਏ ਅਤੇ ਫੋਰਮ ਯੂਨੀਵਰਸਿਟੀ ਸਕੂਲ ਆਫ ਲਾਅ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਦੀਪਾ ਅੰਬੇਕਰ (43) ਅਜੇ ਕਿ੍ਮੀਨਲ ਕੋਰਟ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਮਈ, 2018 'ਚ ਸਿਵਲ ਕੋਰਟ ਵਿਚ ਕਾਰਜਕਾਰੀ ਜੱਜ ਵਜੋਂ ਹੋਈ ਸੀ। ਇਸ ਤੋਂ ਪਹਿਲੇ ਦੀਪਾ ਨੇ ਬਤੌਰ ਸੀਨੀਅਰ ਵਕੀਲ ਨਿਊਯਾਰਕ ਸਿਟੀ ਕੌਂਸਲ ਵਿਚ ਕੰਮ ਕੀਤਾ ਸੀ। ਉਹ ਲੀਗਲ ਐਡ ਸੁਸਾਇਟੀ ਵਿਚ ਸਟਾਫ ਅਟਾਰਨੀ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਬੀਏ ਅਤੇ ਸਟਗਰਸ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਲਈ ਹੈ।