ਵਾਸ਼ਿੰਗਟਨ (ਏਜੰਸੀਆਂ) : ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁਝ ਟਵੀਟਾਂ 'ਤੇ ਪਹਿਲੀ ਵਾਰੀ ਤੱਥਾਂ ਦੀ ਜਾਂਚ ਕਰਨ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਨਾਲ ਹੀ ਕੰਪਨੀ ਨੇ ਸੱਚ ਦਾ ਪਤਾ ਲਗਾਉਣ ਲਈ ਵਾਸ਼ਿੰਗਟਨ ਪੋਸਟ ਤੇ ਸੀਐੱਨਐੱਨ ਵਰਗੇ ਮੀਡੀਆ ਅਦਾਰਿਆਂ ਦੀਆਂ ਵੱਖ-ਵੱਖ ਖਬਰਾਂ ਦੇ ਲਿੰਕ ਵੀ ਜੋੜੇ ਹਨ। ਕੰਪਨੀ ਦੇ ਇਸ ਕਦਮ ਤੋਂ ਬਾਅਦ ਟਰੰਪ ਨੇ ਟਵਿੱਟਰ 'ਤੇ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ। ਕੰਪਨੀ ਨੇ ਮੰਗਲਵਾਰ ਨੂੰ ਟਰੰਪ ਦੇ ਉਸ ਟਵੀਟ 'ਤੇ ਇਹ ਚਿਤਾਵਨੀ ਜਾਰੀ ਕੀਤੀ ਸੀ, ਜਿਸ 'ਚ ਟਰੰਪ ਨੇ ਮੇਲ ਜ਼ਰੀਏ ਮਤਦਾਨ ਨੂੰ ਫਰਜ਼ੀਵਾੜਾ ਦੱਸਿਆ ਸੀ ਤੇ ਕਿਹਾ ਸੀ ਕਿ ਇਹ ਮੇਲ ਬਾਕਸ ਨੂੰ ਲੁੱਟ ਲਿਆ ਜਾਵੇਗਾ। ਰਾਸ਼ਟਰਪਤੀ ਨੇ ਕੈਲੀਫੋਰਨੀਆ ਦੇ ਗਵਰਨਰ 'ਤੇ ਲੱਖਾਂ ਲੋਕਾਂ ਨੂੰ ਬੈਲੇਟ ਪੇਪਰ ਭੇਜਣ ਦਾ ਵੀ ਦੋਸ਼ ਲਗਾਇਆ ਸੀ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਿਲਸਿਲੇਵਾਰ ਦੋ ਟਵੀਟ ਕਰ ਕੇ ਟਵਿੱਟਰ 'ਤੇ ਨਿਸ਼ਾਨਾ ਬੰਨਿ੍ਹਆ। ਪਹਿਲੇ ਟਵੀਟ 'ਚ ਟਰੰਪ ਨੇ ਲਿਖਿਆ, 'ਟਵਿੱਟਰ 2020 ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਮੇਲ ਜ਼ਰੀਏ ਮਤਦਾਨ ਤੇ ਇਸ ਨਾਲ ਜੁੜੇ ਭਿ੍ਸ਼ਟਾਚਾਰ ਨੂੰ ਲੈ ਕੇ ਮੇਰਾ ਦਾਅਵਾ ਗ਼ਲਤ ਹੈ। ਉਨ੍ਹਾਂ ਦਾ ਇਹ ਕਹਿਣਾ ਫਰਜ਼ੀ ਖ਼ਬਰ ਦੇਣ ਵਾਲੇ ਸੀਐੱਨਐੱਨ ਤੇ ਐਮਾਜ਼ਨ ਵਾਸ਼ਿੰਗਟਨ ਪੋਸਟ ਦੀ ਤੱਥ ਸਬੰਧੀ ਜਾਂਚ 'ਤੇ ਆਧਾਰਤ ਹੈ।' ਟਰੰਪ ਨੇ ਦੂਜੇ ਟਵੀਟ 'ਚ ਲਿਖਿਆ, 'ਟਵਿੱਟਰ ਬੋਲਣ ਦੀ ਆਜ਼ਾਦੀ 'ਤੇ ਹਮਲਾ ਕਰ ਰਿਹਾ ਹੈ। ਮੈਂ ਇਕ ਰਾਸ਼ਟਰਪਤੀ ਦੇ ਰੂਪ ਵਿਚ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ।' ਟਰੰਪ ਦੇ ਟਵਿੱਟਰ 'ਤੇ ਅੱਠ ਕਰੋੜ ਤੋਂ ਜ਼ਿਆਦਾ ਫਾਲੋਅਰ ਹਨ। ਰਿਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਸ਼ਟਰਪਤੀ ਟਰੰਪ ਨਵੰਬਰ 'ਚ ਹੋਣ ਵਾਲੀ ਚੋਣ 'ਚ ਇਕ ਵਾਰੀ ਫਿਰ ਖੜ੍ਹੇ ਹੋ ਰਹੇ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੀਯੂ ਰਿਸਰਚ ਨੇ ਇਕ ਸਰਵੇਖਣ ਕੀਤਾ ਸੀ, ਜਿਸ ਵਿਚ 66 ਫ਼ੀਸਦੀ ਲੋਕਾਂ ਨੇ ਮੌਜੂਦਾ ਕੋਰੋਨਾ ਕਾਲ 'ਚ ਮਤਦਾਨ ਕੇਂਦਰ ਜਾ ਕੇ ਵੋਟ ਪਾਉਣ 'ਚ ਅਸਮਰੱਥਾ ਪ੍ਰਗਟਾਈ ਸੀ।

ਟਰੰਪ ਨੇ ਗੁਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ : ਟਵਿੱਟਰ

ਟਵਿੱਟਰ ਦੇ ਬੁਲਾਰੇ ਟ੍ਰੈਂਟਨ ਕੈਨੇਡੀ ਨੇ ਨੈਸ਼ਨਲ ਪਬਲਿਕ ਰੇਡੀਓ ਨੂੰ ਕਿਹਾ ਕਿ ਹਾਲਾਂਕਿ ਟਰੰਪ ਦਾ ਮੇਲ ਜ਼ਰੀਏ ਮਤਦਾਨ ਸਬੰਧੀ ਟਵੀਟ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ ਕਿਉਂਕਿ ਇਹ ਲੋਕਾਂ ਨੂੰ ਮਤਦਾਨ ਕਰਨ ਤੋਂ ਸਿੱਧੇ ਤੌਰ 'ਤੇ ਮਨ੍ਹਾਂ ਨਹੀਂ ਕਰਦਾ, ਪਰ ਇਸ ਵਿਚ ਮਤਦਾਨ ਪ੍ਰਕਿਰਿਆ, ਖ਼ਾਸ ਤੌਰ 'ਤੇ ਮੇਲ ਜ਼ਰੀਏ ਮਤਦਾਨ ਦੇ ਬਾਰੇ ਗੁਮਰਾਹ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਉੱਧਰ, ਟਰੰਪ ਦੀ ਚੋਣ ਪ੍ਰਚਾਰ ਟੀਮ ਨੇ ਦੋਸ਼ ਲਗਾਇਆ ਹੈ ਕਿ ਸਿਲੀਕਾਨ ਵੈਲੀ ਰਾਸ਼ਟਰਪਤੀ ਨੂੰ ਵੋਟਰਾਂ ਤਕ ਆਪਣਾ ਸੰਦੇਸ਼ ਪਹੁੰਚਾਉਣ ਤੋਂ ਰੋਕ ਰਹੀ ਹੈ।