ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸੀਬਤਾਂ ਵਧਣ ਦੇ ਨਾਲ ਹੀ ਉਨ੍ਹਾਂ ਦੇ ਕਰੀਬੀ ਦੋਸਾਂ ਦੇ ਵੀ ਮਾਮਲੇ ਖੁੱਲ੍ਹ ਰਹੇ ਹਨ। ਹੁਣ ਟਰੰਪ ਦੇ ਪ੍ਰਮੁੱਖ ਸਹਿਯੋਗੀ ਥਾਮਸ ਜੇ ਬਰਾਕ 'ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ। ਉਨ੍ਹਾਂ ਨੂੰ ਮੰਗਲਵਾਰ ਨੂੰ ਗਿ੍ਫ਼ਤਾਰ ਕਰ ਲਿਆ। ਬਰਾਕ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਲਾਬਿੰਗ ਕੀਤੀ। ਇਸ ਲਈ ਅਮਰੀਕੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਇਕ ਪਾਸੇ ਉਨ੍ਹਾਂ ਨੇ ਯੂਏਈ ਦਾ ਏਜੰਟ ਬਣ ਕੇ ਕੰਮ ਕੀਤਾ। ਸਾਂਤਾ ਮੋਨਿਕਾ, ਕੈਲੀਫੋਰਨੀਆ ਦੇ ਰਹਿਣ ਵਾਲੇ ਬਰਾਕ ਉਨ੍ਹਾਂ ਤਿੰਨਾਂ ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਬਰੁਕਲਿਨ, ਨਿਊਯਾਰਕ ਦੀ ਸੰਘੀ ਅਦਾਲਤ 'ਚ ਯੂਏਈ ਦੇ ਹਿੱਤਾਂ ਲਈ ਇਕ ਏਜੰਟ ਦੇ ਰੂਪ 'ਚ ਕੰਮ ਕਰਨ ਦਾ ਕੇਸ ਚਲਾਇਆ ਜਾ ਰਿਹਾ ਹੈ। ਇਸੇ ਸਬੰਧ 'ਚ ਉਨ੍ਹਾਂ ਦੀ ਗਿ੍ਫ਼ਤਾਰੀ ਹੋਈ ਹੈ। ਇਹ ਮਾਮਲੇ 2016 ਤੋਂ ਬਾਅਦ ਦੇ ਹਨ, ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਸਨ। ਟਰੰਪ ਦੇ ਸੰਯੁਕਤ ਅਰਬ ਅਮੀਰਾਤ ਨਾਲ ਬਹੁਤ ਹੀ ਮਿੱਠੇ ਸਬੰਧ ਮੰਨੇ ਜਾ ਰਹੇ ਹਨ।

ਬਰਾਕ 'ਤੇ ਇਸ ਮਾਮਲੇ ਦੀ ਜਾਂਚ ਦੌਰਾਨ 2019 'ਚ ਸੰਘੀ ਅਧਿਕਾਰੀਆਂ ਨੂੰ ਜਾਂਚ 'ਚ ਅੜਿੱਕਾ ਪਾਉਣ ਤੇ ਝੂਠੇ ਬਿਆਨ ਦੇਣ ਦਾ ਵੀ ਦੋਸ਼ ਹੈ। ਹੋਰ ਮੁਲਜ਼ਮਾਂ 'ਚ ਬਰਾਕ ਦੀ ਕੰਪਨੀ ਦੇ ਸਾਬਕਾ ਕਾਰਜਕਾਰੀ ਮੈਥਿਊ ਗਿ੍ਮਸ, ਸੰਯੁਕਤ ਅਰਬ ਅਮੀਰਾਤ ਦੇ ਇਕ ਕਾਰੋਬਾਰੀ ਰਾਸ਼ਿੰਦ ਅਲ ਮਲਿਕ ਹਨ। ਇਨ੍ਹਾਂ ਤਿੰਨਾਂ 'ਤੇ ਯੂਏਈ ਦੇ ਹਿੱਤਾਂ ਲਈ ਅਮਰੀਕਾ 'ਚ ਲਾਬਿੰਗ ਕਰਨ ਤੇ ਲਾਭ ਪਹੁੰਚਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਕ ਤੇ ਗ੍ਰਿਮਸ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਕ ਦੇ ਵਕੀਲ ਰੌਣਕ ਦੇਸਾਈ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਸੋਮਵਾਰ ਤਕ ਹਿਰਾਸਤ 'ਚ ਰੱਖਿਆ ਜਾ ਸਕਦਾ ਹੈ।