ਨਿਊਯਾਰਕ (ਏਪੀ) : ਟਰੰਪ ਵੱਲੋਂ ਗ੍ਰਿਫ਼ਤਾਰੀ ਦੀ ਸ਼ੰਕਾ ਪ੍ਰਗਟਾਏ ਜਾਣ ਤੇ ਕੌਮਾਂਤਰੀ ਅਦਾਲਤ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਤੋਂ ਇੰਟਰਨੈੱਟ ’ਤੇ ਦੋਵਾਂ ਦੇ ਸਬੰਧ ’ਚ ਫ਼ਰਜ਼ੀ ਤਸਵੀਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਟਵਿੱਟਰ ਤੇ ਹੋਰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੀਆਂ ਫ਼ਰਜ਼ੀ ਤਸਵੀਰਾਂ ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਪੁਲਿਸ ਨਾਲ ਘਿਰਿਆ ਦਿਖਾਇਆ ਗਿਆ ਹੈ, ਉੱਥੇ ਵਲਾਦੀਮੀਰ ਪੁਤਿਨ ਕੰਕ੍ਰੀਟ ਦੀ ਜੇਲ੍ਹ ’ਚ ਬੰਦ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਾਰਿਤ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਤਿਆਰ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਟੂੁਲਜ਼ ਤਕ ਲੋਕਾਂ ਦੀ ਪਹੁੰਚ ਬੇਹੱਦ ਆਸਾਨ ਹੈ। ਮਾਹਿਰਾਂ ਨੇ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਸਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਇਸ ਤੋਂ ਇਹ ਸਮਝ ਸਕਦੇ ਹਾਂ। ਸਿਆਟਲ ’ਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਵਿਨ ਵੇਸਟ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਮੁੱਖ ਘਟਨਾ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਅਜਿਹੀਆਂ ਫ਼ਰਜ਼ੀ ਤਸਵੀਰਾਂ ਤੇ ਵੀਡੀਓ ਦਾ ਹੜ੍ਹ ਜਿਹਾ ਆ ਰਿਹਾ ਹੈ। ਇਸ ਨਾਲ ਸਹੀ ਤੱਥ ਤਕ ਪਹੁੰਚ ਆਸਾਨ ਨਹੀਂ ਰਹਿ ਜਾਵੇਗੀ। ਅਜਿਹੀ ਸਥਿਤੀ ’ਚ ਸਿਸਟਮ ਤੇ ਜੋ ਜਾਣਕਾਰੀ ਮਿਲ ਰਹੀ ਹੈ ਉਸ ਤੋਂ ਤੁਹਾਡਾ ਭਰੋਸਾ ਉੱਠਣਾ ਸ਼ੁਰੂ ਹੋ ਜਾਂਦਾ ਹੈ।

Posted By: Shubham Kumar