ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰਿਡਾ ਸਥਿਤ ਆਪਣੇ ਗੋਲਫ ਰਿਜ਼ਾਰਟ 'ਚ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਦੀ ਯੋਜਨਾ ਰੱਦ ਕਰ ਦਿੱਤੀ ਹੈ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਲਗਾਏ ਗਏ ਭਿ੍ਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਨੇ ਦੋਸ਼ ਲਗਾਇਆ ਸੀ ਕਿ ਟਰੰਪ ਆਪਣੇ ਨਿੱਜੀ ਫ਼ਾਇਦੇ ਲਈ ਅਜਿਹਾ ਕਰ ਰਹੇ ਹਨ।

ਵ੍ਹਾਈਟ ਹਾਊਸ ਦੇ ਕਾਰਜਕਾਰੀ ਚੀਫ ਆਫ ਸਟਾਫ ਮਿਕ ਮਲਵੇਨੀ ਨੇ ਬੀਤੇ ਵੀਰਵਾਰ ਨੂੰ ਸਾਲ 2020 'ਚ 10 ਤੋਂ 12 ਜੂਨ ਵਿਚਕਾਰ ਹੋਣ ਵਾਲਾ ਜੀ-7 ਸੰਮੇਲਨ ਮਿਆਮੀ ਨੇੜੇ ਸਥਿਤ ਟਰੰਪ ਨੈਸ਼ਨਲ ਡੋਰਲ ਗੋਲਫ ਰਿਜ਼ਾਰਟ 'ਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਐਤਵਾਰ ਨੂੰ ਸਥਾਨ ਬਦਲੇ ਜਾਣ ਦੀ ਜਾਣਕਾਰੀ ਦਿੰਦਿਆਂ ਟਰੰਪ ਨੇ ਟਵੀਟ ਕੀਤਾ, 'ਮੈਨੂੰ ਲੱਗਿਆ ਕਿ ਮੈਂ ਦੇਸ਼ ਲਈ ਕੁਝ ਚੰਗਾ ਕਰ ਰਿਹਾ ਹਾਂ। ਪਰ ਮੀਡੀਆ ਤੇ ਡੈਮੋਕ੍ਰੇਟ ਦੇ ਪਾਗ਼ਲਪਨ ਤੇ ਬੇਤੁਕੇ ਵਿਰੋਧ ਲਈ ਮੈਨੂੰ ਇਹ ਫ਼ੈਸਲਾ ਬਦਲਣਾ ਪੈ ਰਿਹਾ ਹੈ। ਅਸੀਂ ਛੇਤੀ ਨਵੀਂ ਥਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਾਂਗੇ। ਇਸ ਲਈ ਕੈਂਪ ਡੇਵਿਡ 'ਤੇ ਵਿਚਾਰ ਕੀਤਾ ਜਾ ਰਿਹਾ ਹੈ।' 2012 'ਚ ਵੀ ਸੰਮੇਲਨ ਕੈਂਪ ਡੇਵਿਡ 'ਚ ਹੋਇਆ ਸੀ।

ਡੈਮੋਕ੍ਰੇਟ ਨੇ ਨਿਸ਼ਾਨੇ 'ਤੇ ਟਰੰਪ

ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੀਆਂ ਸਰਗਰਮੀਆਂ ਦੌਰਾਨ ਟਰੰਪ ਲਗਾਤਾਰ ਡੈਮੋਕ੍ਰੇਟਿਕ ਨੇਤਾਵਾਂ ਦੇ ਨਿਸ਼ਾਨੇ 'ਤੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨਾਲ ਫੋਨ 'ਤੇ ਹੋਈ ਗੱਲਬਾਤ ਬਾਰੇ ਉਨ੍ਹਾਂ 'ਤੇ ਮਹਾਦੋਸ਼ ਦੀ ਤਲਵਾਰ ਲਟਕ ਰਹੀ ਹੈ। ਇਕ ਵਿ੍ਹਸਲ ਬਲੋਅਰ ਮੁਤਾਬਕ ਟਰੰਪ ਨੇ ਜੇਲੇਂਸਕੀ ਨੂੰ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ ਲਈ ਕਿਹਾ ਸੀ। ਬਿਡੇਨ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰ ਬਣਨ ਦੇ ਵੱਡੇ ਦਾਅਵੇਦਾਰ ਹਨ।