ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨੀ ਐਪ ਟਿਕਟਾਕ ਤੇ ਅਮਰੀਕੀ ਕੰਪਨੀ ਓਰੈਕਲ ਕੰਪਨੀ ਵਿਚਾਲੇ ਹੋਏ ਸੌਦੇ 'ਤੇ ਗ਼ੌਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੌਮੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ। ਹਾਲਾਂਕਿ, ਟਰੰਪ ਨੇ ਇਸ ਗੱਲ 'ਤੇ ਨਾਖ਼ੁਸ਼ੀ ਪ੍ਰਗਟਾਈ ਕਿ ਨਵੀਂ ਕੰਪਨੀ 'ਚ ਟਿਕਟਾਕ ਹੀ ਸਭ ਤੋਂ ਵੱਡੀ ਹਿੱਸੇਦਾਰ ਹੋਵੇਗੀ।

ਟਰੰਪ ਨੇ ਪਿਛਲੇ ਮਹੀਨੇ ਟਿਕਟਾਕ ਤੇ ਵੀਚੈਟ 'ਤੇ ਪਾਬੰਦੀ ਲਾਉਣ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ। ਇਸ 'ਚ ਪਾਬੰਦੀ ਤੋਂ ਬਚਣ ਲਈ ਦੋਵੇਂ ਚੀਨੀ ਕੰਪਨੀਆਂ ਨੂੰ 20 ਸਤੰਬਰ ਤਕ ਆਪਣਾ ਅਮਰੀਕੀ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਲਈ ਕਿਹਾ ਗਿਆ ਹੈ। ਸ਼ੁਰੂਆਤ 'ਚ ਮਾਈਕ੍ਰੋਸਾਫਟ ਨੇ ਟਿਕਟਾਕ ਦੀ ਮਾਲਕੀ ਰੱਖਣ ਵਾਲੀ ਚੀਨੀ ਕੰਪਨੀ ਬਾਈਟਡਾਂਸ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਹਾਲਾਂਕਿ, ਇਹ ਸੌਦਾ ਸਿਰੇ ਨਹੀਂ ਚੜਿ੍ਹਆ ਤੇ ਓਰੈਕਲ ਨਾਲ ਸੌਦਾ ਪੱਕਾ ਹੋ ਗਿਆ।

ਵ੍ਹਾਈਟ ਹਾਊਸ 'ਚ ਟਰੰਪ ਨੇ ਪੱਤਰਕਾਰਾਂ ਨੇ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਇਸ ਕਾਰੋਬਾਰੀ ਸੌਦੇ ਦਾ ਇਕ ਵੱਡਾ ਹਿੱਸਾ ਅਮਰੀਕੀ ਸਰਕਾਰੀ ਖ਼ਜ਼ਾਨੇ ਨੂੰ ਮਿਲੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਮੰਨਿਆ ਕਿ ਸਰਕਾਰੀ ਖਜ਼ਾਨੇ ਨੂੰ ਪੈਸਾ ਮਿਲਣ 'ਚ ਕੁਝ ਕਾਨੂੰਨੀ ਅੜਚਨਾਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਇਕ ਵੱਡੀ ਰਕਮ ਦਾ ਭੁਗਤਾਨ ਕਰਨਾ ਚਾਹੁੰਦੇ ਹਨ ਪਰ ਸਾਨੂੰ ਉਨ੍ਹਾਂ ਤੋਂ ਪੈਸਾ ਲੈਣ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕਿਤੇ ਹੁੰਦਾ ਹੈ ਕੀ? ਅਸੀਂ (ਅਮਰੀਕਾ) ਏਨਾ ਮੂਰਖ ਕਿਵੇਂ ਹੋ ਸਕਦੇ ਹਨ? ਇਸ ਲਈ, ਅਸੀਂ ਇਸ ਮਾਮਲੇ ਨੂੰ ਦੇਖ ਰਹੇ ਹਾਂ।

ਉਥੇ, ਬਾਈਟਡਾਂਸ ਨੇ ਕਿਹਾ ਕਿ ਸੌਦੇ ਲਈ ਉਸ ਨੂੰ ਚੀਨ ਸਰਕਾਰ ਤੋਂ ਵੀ ਮਨਜ਼ੂਰੀ ਲੈਣੀ ਪਵੇਗੀ। ਸੌਦੇ ਮੁਤਾਬਕ ਟਿਕਟਾਕ ਦਾ ਕੌਮਾਂਤਰੀ ਮੁੱਖ ਦਫ਼ਤਰ ਅਮਰੀਕਾ 'ਚ ਹੋਵੇਗਾ।

ਵੀਚੈਟ 'ਤੇ ਸੰਭਾਵੀਂ ਪਾਬੰਦੀ ਨੂੰ ਫੈਡਰਲ ਕੋਰਟ 'ਚ ਚੁਣੌਤੀ

ਚੀਨੀ ਐਪ ਵੀਚੈਟ 'ਤੇ ਸੰਭਾਵੀ ਪਾਬੰਦੀ ਨੂੰ ਕੈਲੀਫੋਰਨੀਆ ਦੇ ਫੈਡਰਲ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਵੀਚੈਟ ਇਕ ਬਹੁ-ਉਦੇਸ਼ੀ ਸੰਦੇਸ਼ ਸੇਵਾ ਹੈ। ਵੀਚੈਟ ਰਾਹੀਂ ਮੈਸਜਿੰਗ ਨਾਲ-ਨਾਲ ਇਕ-ਦੂਜੇ ਨੂੰ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਵੀਚੈਟ ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਇਸ ਜ਼ਰੀਏ ਚੀਨ 'ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਨਾਲ ਸੰਪਰਕ 'ਚ ਰਹਿੰਦੇ ਹਨ। ਇਸ 'ਤੇ ਪਾਬੰਦੀ ਲਾਉਣ ਨਾਲ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਕਈ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਸ ਦੇ ਜਵਾਬ 'ਚ ਅਮਰੀਕੀ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਪਾਬੰਦੀ ਦਾ ਟੀਚਾ ਅਮਰੀਕੀ ਯੂਜ਼ਰਜ਼ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਨ ਦਾ ਇਰਾਦਾ ਹੈ।