ਵਾਸ਼ਿੰਗਟਨ (ਏਜੰਸੀ) : ਕਾਂਟੇ ਦੀ ਚੋਣ ਟੱਕਰ 'ਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੈਂਪੇਨ ਮੈਨੇਜਰ ਨੂੰ ਬਦਲ ਦਿੱਤਾ ਹੈ। ਤਾਜ਼ਾ ਓਪੀਨੀਅਨ ਪੋਲ 'ਚ ਟਰੰਪ ਦੇ ਮੁਕਾਬਲੇ ਡੈਮੋਕ੍ਰੇਟ ਉਮੀਦਵਾਰ ਡੋ ਬਿਡੇਨ ਨੂੰ ਅੱਗੇ ਦੱਸਿਆ ਗਿਆ ਹੈ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹਨ।

ਟਰੰਪ ਨੇ ਬੁੱਧਵਾਰ ਰਾਤ ਫੇਸਬੁੱਕ ਜ਼ਰੀਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਬਿੱਲ ਸਟੀਪੀਅਨ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣਗੇ। ਇਹ ਬ੍ਰੈਡ ਪਾਰਸਕੇਲ ਦੀ ਥਾਂ ਲੈਣਗੇ। ਪਾਰਸਕੇਲ ਸਾਡੀ ਮੁਹਿੰਮ ਦੇ ਸੀਨੀਅਰ ਸਲਾਹਕਾਰ ਬਣੇ ਰਹਿਣਗੇ। 2016 'ਚ ਸਾਡੀ ਇਤਿਹਾਸਕ ਜਿੱਤ 'ਚ ਇਨ੍ਹਾਂ ਦੋਵਾਂ ਦੀ ਅਹਿਮ ਭੂਮਿਕਾ ਸੀ ਤੇ ਇਸ ਵਾਰ ਵੀ ਰਹੇਗੀ। ਕੋਰੋਨਾ ਮਹਾਮਾਰੀ ਤੇ ਅਫਰੀਕੀ ਤੇ ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਪੈਦਾ ਹੋਏ ਗੁੱਸੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਚੋਣ ਮੁਹਿੰਮ 'ਚ ਨਵੀਂ ਜਾਨ ਫੂਕਣ ਲਈ ਟਰੰਪ ਨੇ ਇਹ ਕਦਮ ਚੁੱਕਿਆ ਹੈ।