ਨਵੀਂ ਦਿੱਲੀ (ਜੇਐੱਨਐੱਨ) : ਅਮਰੀਕਾ 'ਚ ਕੋਰੋਨਾ ਦੇ ਸਭ ਤੋਂ ਵੱਧ ਕਹਿਰ ਤੋਂ ਖਿਝੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂਐੱਚਓ ਨਾਲੋਂ ਰਿਸ਼ਤਾ ਤੋੜਨ ਦਾ ਐਲਾਨ ਕਰਦਿਆਂ ਚੀਨ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ ਨਾਲ ਰਿਸ਼ਤਾ ਖ਼ਤਮ ਕਰਨ ਦੇ ਨਾਲ ਹੀ ਕੋਰੋਨਾ ਮਹਾਮਾਰੀ ਮਾਮਲੇ 'ਚ ਧੋਖਾ ਦੇਣ ਤੇ ਹਾਂਗਕਾਂਗ ਮਾਮਲੇ 'ਚ ਜ਼ਿਆਦਤੀ ਕਰਨ 'ਤੇ ਚੀਨ ਖ਼ਿਲਾਫ਼ ਪਾਬੰਦੀਆਂ ਲਗਾ ਰਹੇ ਹਨ।

ਵ੍ਹਾਈਟ ਹਾਊਸ 'ਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ WHO ਕੋਰੋਨਾ ਵਾਇਰਸ ਨੂੰ ਸ਼ੁਰੂਆਤੀ ਪੱਧਰ 'ਤੇ ਰੋਕਣ 'ਚ ਨਾਕਾਮ ਰਿਹਾ। ਅਮਰੀਕਾ ਨੇ ਡਬਲਯੂਐੱਚਓ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਪਹਿਲਾਂ ਹੀ ਰੋਕ ਦਿੱਤੀ ਸੀ। ਟਰੰਪ ਨੇ ਕੋਰੋਨਾ ਮਹਾਮਾਰੀ ਤੇ ਹਾਂਗਕਾਂਗ ਦੇ ਮਾਮਲੇ 'ਚ ਚੀਨ ਖ਼ਿਲਾਫ਼ ਪਾਬੰਦੀਆਂ ਲਾਉਣ ਦਾ ਐਲਾਨ ਵੀ ਕੀਤਾ।

ਡੋਨਾਲਡ ਟਰੰਪ ਨੇ ਚੀਨ 'ਤੇ ਹਮਲਾ ਕਰਦਿਆਂ ਕਿਹਾ ਕਿ ਚੀਨ ਨੇ ਡਬਲਯੂਐੱਚਓ ਨੂੰ ਗੁੰਮਰਾਹ ਕੀਤਾ ਹੈ। ਚੀਨ ਨੇ ਹਮੇਸ਼ਾ ਚੀਜ਼ਾਂ ਨੂੰ ਲੁਕਾਇਆ ਹੈ ਤੇ ਕੋਰੋਨਾ ਮਾਮਲੇ 'ਚ ਚੀਨ ਨੂੰ ਜਵਾਬ ਦੇਣਾ ਹੀ ਪਵੇਗਾ। WHO ਚੀਨ ਦੀ ਕਠਪੁਤਲੀ ਦੇ ਤੌਰ 'ਤੇ ਕੰਮ ਕਰ ਰਿਹਾ ਹੈ, ਇਸ ਲਈ ਅਸੀਂ ਉਸ ਨਾਲ ਨਾਤਾ ਤੋੜ ਰਹੇ ਹਾਂ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਮਾਮਲੇ 'ਚ ਧੋਖਾ ਦੇਣ ਤੇ ਹਾਂਗਕਾਂਗ ਮਾਮਲੇ 'ਚ ਜ਼ਿਆਦਤੀ ਦੀ ਵਜ੍ਹਾ ਨਾਲ ਚੀਨ ਖ਼ਿਲਾਫ਼ ਪਾਬੰਦੀਆਂ ਲਗਾ ਰਹੇ ਹਾਂ। ਟਰੰਪ ਨੇ ਕੋਰੋਨਾ ਵਾਇਰਸ ਦੇ ਪਸਾਰੇ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਸ 'ਤੇ ਅਸਮਰੱਥਾ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਚੀਨ ਦੇ ਅਪਰਾਧ ਦੀ ਸਜ਼ਾ ਭੁਗਤ ਰਹੀ ਹੈ। ਚੀਨ ਨੇ ਆਲਮੀ ਮਹਾਮਾਰੀ ਦੀ ਸ਼ੁਰੂਆਤ ਕੀਤੀ ਤੇ ਸਾਨੂੰ ਲੱਖਾਂ ਜਾਨਾਂ ਗੁਆ ਕੇ ਇਸ ਦੀ ਸਜ਼ਾ ਭੁਗਤਣੀ ਪਈ।

ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ WHO ਨੂੰ ਸਾਲਾਨਾ 45 ਕਰੋੜ ਡਾਲਰ ਦਾ ਭੁਗਤਾਨ ਕਰਦਾ ਹੈ ਜਦਕਿ ਚੀਨ ਹਰ ਸਾਲ 4 ਕਰੋੜ ਡਾਲਰ ਦਾ ਭੁਗਤਾਨ ਕਰਦਾ ਹੈ। ਇਸ ਦੇ ਬਾਵਜੂਦ WHO 'ਤੇ ਚੀਨ ਦਾ ਕੰਟਰੋਲ ਹੈ।

ਚੀਨ 'ਤੇ ਪਾਬੰਦੀਆਂ :

ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ 'ਚ ਅਧਿਐਨ ਕਰ ਰਹੇ ਚੀਨੀ ਖੋਜੀਆਂ 'ਤੇ ਪਾਬੰਦੀਆਂ ਲਗਾ ਰਹੇ ਹਨ ਕਿਉਂਕਿ ਇਹ ਲੋਕ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਹਨ। ਇਸ ਤੋਂ ਇਲਾਵਾ ਅਮਰੀਕੀ ਸਟੌਕ ਐਕਸਚੇਂਜ 'ਚ ਸੂਚੀਬੱਧ ਉਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਹੋਵੇਗੀ ਜੋ ਅਮਰੀਕੀ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਹੀਆਂ। ਵਪਾਰ ਤੇ ਟੂਰਿਜ਼ਮ ਦੇ ਖੇਤਰ 'ਚ ਹਾਂਗਕਾਂਗ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਵਾਪਸ ਲਿਆ ਜਾ ਰਿਹਾ ਹੈ। ਟਰੰਪ ਵੱਲੋਂ ਚੀਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀ ਆਗੂਆਂ ਨੇ ਮਾਮੂਲੀ ਦੱਸਿਆ।

Posted By: Seema Anand