ਵਾਸ਼ਿੰਗਟਨ (ਏਐੱਫਪੀ) : ਅਮਰੀਕਾ ਦੇ ਰਾਸ਼ਟਰਪਤਹੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਸਰਬਉੱਚ ਆਗੂ ਕਿਮ ਜੋਂਗ ਉਨ ਵਿਚਕਾਰ ਹੋਣ ਵਾਲੀ ਦੂਜੀ ਮੁਲਾਕਾਤ ਦੇ ਸਥਾਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੋਵੇਂ ਆਗੂ ਵੀਅਤਨਾਮ ਦੀ ਰਾਜਧਾਨੀ ਹਨੋਈ 'ਚ ਸਿਖਰ ਵਾਰਤਾ ਕਰਨਗੇ। ਟਰੰਪ ਨੇ ਪਿਛਲੇ ਮੰਗਲਵਾਰ ਨੂੰ ਸਿਖਰ ਵਾਰਤਾ ਦੀ ਤਰੀਕ ਦਾ ਐਲਾਨ ਕੀਤਾ ਸੀ। ਟਰੰਪ ਤੇ ਕਿਮ ਦੀ ਪਹਿਲੀ ਸਿਖਰ ਵਾਰਤਾ ਪਿਛਲੇ ਸਾਲ 12 ਜੂਨ ਨੂੰ ਸਿੰਗਾਪੁਰ 'ਚ ਹੋਈ ਸੀ। ਇਸ 'ਚ ਕੋਰੀਆਈ ਖਿੱਤੇ ਨੂੰ ਪਰਮਾਣੂ ਮੁਕਤ ਬਣਾਉਣ 'ਤੇ ਸਹਿਮਤੀ ਬਣੀ ਸੀ ਪਰ ਇਸ ਮਸਲੇ 'ਤੇ ਕੋਈ ਖ਼ਾਸ ਤਰੱਕੀ ਨਹੀਂ ਹੋਈ।

ਟਰੰਪ ਨੇ ਖ਼ੁਦ ਟਵਿੱਟਰ 'ਤੇ ਵਾਰਤਾ ਸਥਾਨ ਦਾ ਐਲਾਨ ਕੀਤਾ। ਪਹਿਲਾਂ ਉਨ੍ਹਾਂ ਨੇ ਸਿਰਫ਼ ਇਹ ਦੱਸਿਆ ਸੀ ਕਿ ਉਨ੍ਹਾਂ ਦੀ ਤੇ ਕਿਮ ਦੀ ਮੁਲਾਕਾਤ 27 ਤੇ 28 ਫਰਵਰੀ ਨੂੰ ਵੀਅਤਨਾਮ 'ਚ ਹੋਵੇਗੀ। ਉਦੋਂ ਉਨ੍ਹਾਂ ਨੇ ਸ਼ਹਿਰ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਇਹ ਚਰਚਾ ਚੱਲ ਰਹੀ ਸੀ ਕਿ ਦੋਵੇਂ ਨੇਤਾ ਵੀਅਤਨਾਮ ਦੀ ਰਾਜਧਾਨੀ ਹਨੋਈ ਜਾਂ ਤੱਟੀ ਸ਼ਹਿਰ ਦਾ ਨਾਂਗ 'ਚ ਮਿਲ ਸਕਦੇ ਹਨ। ਟਰੰਪ ਨੇ ਕਿਹਾ, 'ਸਿਖਰ ਵਾਰਤਾ ਹਨੋਈ 'ਚ ਹੋਵੇਗੀ। ਮੈਨੂੰ ਕਿਮ ਤੋਂ ਮਿਲਣ ਦੀ ਉਡੀਕ ਹੈ ਤੇ ਸ਼ਾਂਤੀ ਦੀ ਦਿਸ਼ਾ 'ਚ ਤਰੱਕੀ ਹੋ ਰਹੀ ਹੈ।'

ਦੁਬਾਰਾ ਉੱਤਰੀ ਕੋਰੀਆ ਜਾਣਗੇ ਅਮਰੀਕੀ ਦੂਤ ਸਟੀਫਨ

ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਟਰੰਪ ਤੇ ਕਿਮ ਦੀ ਸਿਖਰ ਵਾਰਤਾ ਤੋਂ ਪਹਿਲਾਂ ਵਿਸ਼ੇਸ਼ ਅਮਰੀਕੀ ਦੂਤ ਸਟੀਫਨ ਬਿਗਨ ਫਿਰ ਉੱਤਰੀ ਕੋਰੀਆ ਜਾਣਗੇ। ਉਹ ਉੱਤਰੀ ਕੋਰੀਆ ਦੀ ਤਿੰਨ ਦਿਨਾ ਯਾਤਰਾ ਤੋਂ ਬਾਅਦ ਸ਼ਨਿਚਰਵਾਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪੁੱਜੇ। ਇਸ ਯਾਤਰਾ ਦੌਰਾਨ ਉਨ੍ਹਾਂ ਦੀ ਸਿਖਰ ਵਾਰਤਾ ਦੇ ਏਜੰਡੇ 'ਤੇ ਉੱਤਰੀ ਕੋਰੀਆਈ ਅਧਿਕਾਰੀਆਂ ਨਾਲ ਚਰਚਾ ਹੋਈ। ਸਟੀਫਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਖਰ ਵਾਰਤਾ ਤੋਂ ਪਹਿਲਾਂ ਹੋਰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ।