ਫਿਲਾਡੈੱਲਫੀਆ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਠੀਕ ਰਿਹਾ ਤਾਂ ਅਗਲੇ ਕੁਝ ਹਫ਼ਤਿਆਂ 'ਚ ਵੈਕਸੀਨ ਆ ਜਾਵੇਗੀ। ਫਿਲਾਡੈੱਲਫੀਆ 'ਚ ਏਬੀਸੀ ਨਿਊਜ਼ ਦੇ ਟਾਊਨ ਹਾਲ ਪ੍ਰੋਗਰਾਮ 'ਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਤਿੰਨ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਇਕ ਟੀਕਾ ਵੰਡ ਲਈ ਤਿਆਰ ਹੋ ਸਕਦਾ ਹੈ। ਇਹ ਤਿੰਨ-ਚਾਰ ਹਫ਼ਤਿਆਂ 'ਚ ਆਉਣ ਦੀ ਉਮੀਦ ਹੈ। ਹਾਲਾਂਕਿ, ਕਾਹਲੀ ਨੂੰ ਲੈ ਕੇ ਕੁਝ ਸਿਹਤ ਅਧਿਕਾਰੀ ਚਿੰਤਾ ਜ਼ਾਹਿਰ ਕਰਦੇ ਹਨ।

ਟਰੰਪ ਨੇ ਕਿਹਾ ਕਿ ਅਸੀਂ ਟੀਕਾ ਬਣਾਉਣ ਦੇ ਬਿਲਕੁਲ ਨੇੜੇ ਹਾਂ। ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਤਾਂ ਉਹ ਇਹ ਹੈ ਕਿ ਪਿਛਲੇ ਪ੍ਰਸ਼ਾਸਨ ਨੂੰ ਐੱਫਡੀਏ ਤੇ ਮਨਜ਼ੂਰੀ ਕਾਰਨ ਟੀਕਾ ਲਗਵਾਉਣ 'ਚ ਸ਼ਾਇਦ ਵਰਿ੍ਹਆਂ ਦਾ ਸਮਾਂ ਲੱਗ ਜਾਂਦਾ ਪਰ ਅਸੀਂ ਕੁਝ ਹਫ਼ਤਿਆਂ 'ਚ ਹੀ ਇਸ ਨੂੰ ਹਾਸਲ ਕਰ ਸਕਦੇ ਹਾਂ। ਵੈਕਸੀਨ ਆਉਣ 'ਚ ਤਿੰਨ ਤੋਂ ਚਾਰ ਹਫ਼ਤੇ ਲੱਗ ਸਕਦੇ ਹਨ।ਇਸੇ ਮਹੀਨੇ ਦੀ ਸ਼ੁਰੂਆਤ 'ਚ ਅਮਰੀਕਾ ਦੇ ਸਿਖਰਲੇ ਲਾਗ ਰੋਗ ਮਾਹਿਰ ਡਾ. ਐਥੋਨੀ ਫੌਸੀ ਨੇ ਕਿਹਾ ਕਿ ਜ਼ਿਆਦਾ ਮਾਹਿਰ ਮੰਨਦੇ ਹਨ ਕਿ ਨਵੰਬਰ ਜਾਂ ਦਸੰਬਰ ਤਕ ਇਕ ਵੈਕਸੀਨ ਤਿਆਰ ਹੋ ਸਕਦੀ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਅਕਤੂਬਰ ਤਕ ਤੁਹਾਡੇ ਕੋਲ ਟੀਕਾ ਆ ਜਾਵੇਗਾ, ਹਾਲਾਂਕਿ ਮੈਨੂੰ ਨਹੀਂ ਲੱਗਦਾ। ਕੁਝ ਹੋਰ ਮਾਹਿਰ ਤਾਂ ਮੰਨਦੇ ਹਨ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਵਿਗਿਆਨਕ ਤੌਰ 'ਤੇ ਭਰੋਸੇਯੋਗ ਟੀਕਾ ਉਪਲੱਬਧ ਨਹੀਂ ਹੋ ਸਕੇਗਾ।

ਇਸ ਪ੍ਰੋਗਰਾਮ 'ਚ ਅਜਿਹੇ ਚੋਣਵੇਂ ਵੋਟਰ ਸੱਦੇ ਗਏ ਸਨ, ਜੋ ਕਿਸੇ ਪਾਰਟੀ ਦੇ ਵਚਨਬੱਧ ਵੋਟਰ ਨਹੀਂ ਹਨ। ਇਨ੍ਹਾਂ ਲੋਕਾਂ ਨੇ ਟਰੰਪ ਤੋਂ ਤਿੱਖੇ ਸਵਾਲ ਪੁੱਛੇ। ਸਵਾਲਾਂ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਚੀਨ ਤੇ ਯੂਰਪ 'ਤੇ ਯਾਤਰਾ ਪਾਬੰਦੀ ਲਾਉਣ ਨਾਲ ਲੱਖਾਂ ਨਹੀਂ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਜ਼ਰੂਰ ਬਚ ਗਈ। ਉਨ੍ਹਾਂ ਨੇ ਉਨ੍ਹਾਂ ਅਮਰੀਕੀ ਲੋਕਾਂ ਦਾ ਵੀ ਬਚਾਅ ਕੀਤਾ ਜੋ ਮਾਸਕ ਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ 'ਚ ਕਈ ਮਾਹਿਰਾਂ ਤਕ ਨੇ ਆਪਣੀ ਰਾਇ ਬਦਲ ਲਈ ਹੈ। ਕਈ ਸੂਬਿਆਂ 'ਚ ਚੋਣ ਮੁਹਿੰਮ ਦੌਰਾਨ ਵੱਡੀ ਭੀੜ ਇਕੱਠੀ ਕਰਨ ਲਈ ਟਰੰਪ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ 'ਚ ਇਨਫੈਕਟਿਡ ਲੋਕਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿ ਦੂਜੇ ਦੇਸ਼ਾਂ ਦੀ ਤੁਲਨਾ 'ਚ ਅਸੀਂ ਜ਼ਿਆਦਾ ਟੈਸਟ ਕੀਤੇ ਹਨ। ਉਨ੍ਹਾਂ ਨੇ ਕੋਰੋਨਾ ਦੀ ਸ਼ੁਰੂਆਤ 'ਚ ਕੀਤੇ ਗਏ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਇਕ ਦਿਨ ਵਾਇਰਸ ਖ਼ੁਦ ਗ਼ਾਇਬ ਹੋ ਜਾਵੇਗਾ।

ਟਰੰਪ ਪ੍ਰਸ਼ਾਸਨ ਨੇ ਕੋਰੋਨਾ ਦੀ ਰੋਕਥਾਮ ਲਈ ਮਾਸਕ ਦੀ ਵਰਤੋਂ ਨੂੰ ਲੈ ਕੇ ਪ੍ਰਭਾਵਸ਼ਾਲੀ ਮੁਹਿੰਮ ਕਿਉਂ ਨਹੀਂ ਚਲਾਈ? ਇਸ ਸਵਾਲ 'ਤੇ ਟਰੰਪ ਨੇ ਕਿਹਾ, 'ਬਹੁਤ ਸਾਰੇ ਲੋਕ ਮਾਸਕ ਨੂੰ ਚੰਗਾ ਨਹੀਂ ਸਮਝਦੇ। ਹਾਲਾਂਕਿ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਨੇ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਹੈ।' ਇਸ ਸਾਲ ਦੀ ਸ਼ੁਰੂਆਤ 'ਚ ਤੁਸੀਂ ਜਾਣਬੁੱਝ ਕੇ ਕੋਰੋਨਾ ਨੂੰ ਘੱਟ ਘਾਤਕ ਦੱਸਦੇ ਰਹੇ? ਇਸ ਸਵਾਲ 'ਤੇ ਟਰੰਪ ਬੋਲੇ, ਮੈਂ ਅਜਿਹਾ ਨਹੀਂ ਕੀਤਾ। ਇਸ ਦੀ ਰੋਕਥਾਮ ਲਈ ਮੈਂ ਪ੍ਰਭਾਵਸ਼ਾਲੀ ਕਦਮ ਉਠਾਏ। ਮੈਂ ਕੁਝ ਲੁਕੋ ਨਹੀਂ ਰਿਹਾ ਸੀ, ਮੈਂ ਤਾਂ ਬੱਸ ਲੋਕਾਂ ਨੂੰ ਡਰਾਉਣਾ ਨਹੀਂ ਚਾਹੁੰਦਾ ਸਾਂ।

ਟਰੰਪ ਨੇ ਇਹ ਵੀ ਕਿਹਾ ਕਿ ਸਮੇਂ ਦੇ ਨਾਲ ਦੇਸ਼ 'ਚ ਹਰਡ ਇਮਿਊਨਿਟੀ ਪੈਦਾ ਹੋ ਜਾਵੇਗੀ ਤੇ ਵਾਇਰਸ ਬਿਨਾਂ ਵੈਕਸੀਨ ਦੇ ਵੀ ਗ਼ਾਇਬ ਹੋ ਜਾਵੇਗਾ। ਹਾਲਾਂਕਿ, ਵੈਕਸੀਨ ਆਉਣ ਨਾਲ ਇਹ ਬਹੁਤ ਛੇਤੀ ਖ਼ਤਮ ਹੋ ਜਾਵੇਗਾ।