ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਦੋਸ਼ ਪ੍ਰਕਿਰਿਆ ਦੌਰਾਨ ਆਪਣੇ ਖ਼ਿਲਾਫ਼ ਗਵਾਹੀ ਦੇਣ ਵਾਲੇ ਦੋ ਅਫਸਰਾਂ ਨੂੰ ਹਟਾ ਦਿੱਤਾ ਹੈ। ਦੋਵਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਕਮੇਟੀ ਦੇ ਸਾਹਮਣੇ ਮਹਾਦੋਸ਼ ਮਾਮਲੇ ਵਿਚ ਟਰੰਪ ਖ਼ਿਲਾਫ਼ ਗਵਾਹੀ ਦਿੱਤੀ ਸੀ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲੇ ਹੀ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਟਰੰਪ ਨੂੰ ਮਹਾਦੋਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਅਧਿਕਾਰੀਆਂ ਦੀ ਇਸ ਹਿਮਾਕਤ ਤੋਂ ਚਿੜੇ ਟਰੰਪ ਨੇ ਰਾਹਤ ਪਾਉਂਦੇ ਹੀ ਯੂਰਪੀ ਸੰਘ ਵਿਚ ਅਮਰੀਕਾ ਦੇ ਰਾਜਦੂਤ ਗੋਰਡਨ ਸੋਂਡਲੈਂਡ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨਐੱਸਸੀ) ਵਿਚ ਯੂਕਰੇਨ ਮਾਮਲਿਆਂ ਦੇ ਮਾਹਿਰ ਲੈਫਟੀਨੈਂਟ ਕਰਨਲ ਅਲੈਗਜ਼ੈਂਡਰ ਵਿੰਡਮੈਨ ਨੂੰ ਬਰਖ਼ਾਸਤ ਕਰ ਦਿੱਤਾ। ਵਿੰਡਮੈਨ ਅਤੇ ਸੋਂਡਲੈਂਡ ਡੈਮੋਕ੍ਰੇਟਸ ਦੇ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਵਿਚ ਮਹਾਦੋਸ਼ ਦੀ ਜਾਂਚ ਦੌਰਾਨ ਮੁੱਖ ਗਵਾਹ ਸਨ। ਇਸ ਤੋਂ ਪਹਿਲੇ ਸੋਂਡਲੈਂਡ ਨੇ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਯੂਰਪੀ ਸੰਘ ਵਿਚ ਬਤੌਰ ਅਮਰੀਕੀ ਰਾਜਦੂਤ ਮੈਨੂੰ ਤੁਰੰਤ ਵਾਪਸ ਬੁਲਾਉਣਾ ਚਾਹੁੰਦੇ ਹਨ। ਉਧਰ, ਵਿੰਡਮੈਨ ਦੇ ਵਕੀਲ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਨੂੰ ਸੱਚ ਬੋਲਣ ਲਈ ਅਹੁਦੇ ਤੋਂ ਹਟਾਇਆ ਗਿਆ ਹੈ। ਦੱਸਣਯੋਗ ਹੈ ਕਿ ਵਿੰਡਮੈਨ ਨੂੰ ਹਟਾਏ ਜਾਣ ਤੋਂ ਕੁਝ ਦੇਰ ਪਹਿਲੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਵਿੰਡਮੈਨ ਚਲੇ ਜਾਣ। ਜੇਕਰ ਕੋਈ ਇਹ ਸੋਚਦਾ ਹੈ ਕਿ ਮੈਂ ਉਨ੍ਹਾਂ ਤੋਂ ਖ਼ੁਸ਼ ਹਾਂ ਤਾਂ ਅਜਿਹਾ ਬਿਲਕੁਲ ਨਹੀਂ ਹੈ।

ਵ੍ਹਾਈਟ ਹਾਊਸ ਨੇ ਮਹਾਦੋਸ਼ ਮਾਮਲੇ ਨਾਲ ਜੁੜੇ ਇਨ੍ਹਾਂ ਦੋ ਅਧਿਕਾਰੀਆਂ ਦੀ ਬਰਖ਼ਾਸਤਗੀ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਵ੍ਹਾਈਟ ਹਾਊਸ ਨੇ ਵਿੰਡਮੈਨ ਦੇ ਜੁੜਵਾਂ ਭਰਾ ਲੈਫਟੀਨੈਂਟ ਕਰਨਲ ਯੇਵਗੇਨੀ ਵਿੰਡਮੈਨ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ। ਦੋਵੇਂ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਹਿੱਸਾ ਸਨ।