ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਵ੍ਹਾਈਟ ਹਾਊਸ 'ਚ ਪਾਕਿ ਪੀਐੱਮ ਇਮਰਾਨ ਖ਼ਾਨ ਨਾਲ ਪਹਿਲੀ ਮੁਲਾਕਾਤ 'ਚ ਟਰੰਪ ਨੇ ਇਹ ਪੇਸ਼ਕਸ਼ ਕੀਤੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਤੋਂ ਕਸ਼ਮੀਰ ਮਸਲੇ ਨੂੰ ਲੈ ਕੇ ਮਦਦ ਮੰਗੀ ਸੀ। ਹਾਲਾਂਕਿ ਵ੍ਹਾਈਟ ਹਾਊਸ ਦੇ ਸਰਕਾਰੀ ਬਿਆਨ 'ਚ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਹੈ।

ਓਵਲ ਆਫਿਸ 'ਚ ਇਮਰਾਨ ਨਾਲ ਮੁਲਾਕਾਤ 'ਚ ਟਰੰਪ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਚਾਹੁਣਗੇ ਤਾਂ ਉਹ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਮਦਦ ਕਰ ਸਕਦਾ ਹਾਂ ਤਾਂ ਮੈਂ ਵਿਚੋਲਾ ਬਣਨਾ ਪਸੰਦ ਕਰਾਂਗਾ।

ਇਮਰਾਨ ਖ਼ਾਨ ਨੇ ਟਰੰਪ ਦੇ ਬਿਆਨ ਦਾ ਸਵਾਗਤ ਕੀਤਾ। ਖ਼ਾਨ ਨੇ ਕਿਹਾ ਕਿ ਜੇਕਰ ਅਮਰੀਕਾ ਤਿਆਰ ਹੈ ਤਾਂ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੀਆਂ ਦੁਆਵਾਂ ਉਸ ਦੇ ਨਾਲ ਹੋਣਗੀਆਂ। ਭਾਰਤ ਦਾ ਸਪਸ਼ਟ ਮੰਨਣਾ ਹੈ ਕਿ ਕਸ਼ਮੀਰ ਮੁੱਦਾ ਭਾਰਤ-ਪਾਕਿ ਦਾ ਦੁਵੱਲਾ ਮਸਲਾ ਹੈ ਅਤੇ ਕਿਸੇ ਤੀਜੀ ਧਿਰ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਦੱਸਣਯੋਗ ਹੈ ਕਿ ਜਨਵਰੀ, 2016 'ਚ ਪਠਾਨਕੋਟ 'ਚ ਭਾਰਤੀ ਹਵਾਈ ਫ਼ੌਜ ਦੇ ਅੱਡੇ 'ਤੇ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਬੰਦ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਤਿੰਨ ਦਿਨ ਦੇ ਅਮਰੀਕਾ ਦੌਰੇ 'ਤੇ ਹਨ। ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਖ਼ਾਨ ਨਾਲ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਆਈਐੱਸਆਈ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਸਨ।

ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕੁਰੈਸ਼ੀ ਨੇ ਟਵੀਟ ਕੀਤਾ, 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਥੇ 'ਨਵਾਂ ਪਾਕਿਸਤਾਨ' ਦੇ ਆਪਣੇ ਦਿ੍ਸ਼ਟੀਕੋਣ ਨੂੰਸਾਹਮਣੇ ਰੱਖਣ ਅਤੇ ਦੋ-ਪੱਖੀ ਸਬੰਧਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਆਏ ਹਨ। ਅਸੀਂ ਆਪਣੇ ਖੇਤਰ 'ਚ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਯੋਜਨਾ ਦੇ ਨਾਲ ਆਏ ਹਨ।'

ਦੱਸਣਯੋਗ ਹੈ ਕਿ ਅਮਰੀਕਾ ਦੀ ਤਿੰਨ ਦਿਨਾ ਯਾਤਰਾ 'ਤੇ ਇਮਰਾਨ ਖਾਨ ਸ਼ਨਿਚਰਵਾਰ ਨੂੰ ਇੱਥੇ ਪੁੱਜੇ ਸਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਵਾਜ਼ ਸ਼ਰੀਫ਼ ਨੇ ਅਕਤੂਬਰ, 2015 'ਚ ਅਮਰੀਕਾ ਦੀ ਯਾਤਰਾ ਕੀਤੀ ਸੀ।

ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਤਣਾਅ ਆ ਗਿਆ ਹੈ। ਟਰੰਪ ਨੇ ਜਨਤਕ ਤੌਰ 'ਤੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਅੱਤਵਾਦੀਆਂ ਖ਼ਿਲਾਫ਼ ਲੜਾਈ 'ਚ ਅਮਰੀਕਾ ਨੂੰ ਪਾਕਿਸਤਾਨ ਨਾਲ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਅੱਤਵਾਦੀ ਜਮਾਤਾਂ ਨੂੰ ਸਮਰਥਨ ਅਤੇ ਪਨਾਹ ਦੇਣ 'ਤੇ ਅਮਰੀਕਾ ਨੇ ਪਾਕਿਸਤਾਨ ਨੂੰ ਫ਼ੌਜੀ ਮਦਦ ਸਮੇਤ ਹੋਰ ਮਦਦ ਵੀ ਰੋਕ ਦਿੱਤੀ ਹੈ।